ਬਸੀ ਪਠਾਣਾਂ, 15 ਜੁਲਾਈ (ਐਚ. ਐਸ. ਗੌਤਮ)-ਮੋਰਿੰਡਾ ਤੋਂ ਸਰਹਿੰਦ ਜਾਣ ਵਾਲੀ ਮੁੱਖ ਸੜਕ ਅਤੇ ਬਸੀ ਪਠਾਣਾਂ ਦਾ ਮੁੱਖ ਬਾਜ਼ਾਰ ਦੋਵੇਂ ਹੀ ਇਸ ਵੇਲੇ ਆਵਾਜਾਈ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਣਅਧਿਕਾਰਤ ਕਬਜ਼ਿਆਂ, ਸੜਕਾਂ ਦੀ ਖ਼ਰਾਬ ਹਾਲਤ ਅਤੇ ਬੇਤਰਤੀਬੀ ਪਾਰਕਿੰਗ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ | ਮੋਰਿੰਡਾ ਤੋਂ ਸਰਹਿੰਦ ਨੂੰ ਜਾਂਦੀ ਮੁੱਖ ਸੜਕ 'ਤੇ ਫੁੱਟਪਾਥਾਂ 'ਤੇ ਕੁਝ ਦੁਕਾਨਦਾਰਾਂ ਵਲੋਂ ਕੀਤੇ ਗਏ ਅਣਅਧਿਕਾਰਤ ਕਬਜ਼ਿਆਂ ਕਾਰਨ ਪੈਦਲ ਚੱਲਣ ਵਾਲਿਆਂ ਲਈ ਰਾਹ ਹੀ ਨਹੀਂ ਬਚਦਾ | ਇਸ ਨਾਲ ਆਵਾਜਾਈ ਵਿਚ ਭਾਰੀ ਰੁਕਾਵਟ ਆਉਂਦੀ ਹੈ, ਜਿਸ ਕਾਰਨ ਘੰਟਿਆਂ ਬੱਧੀ ਲੰਮੇੇ ਜਾਮ ਲੱਗ ਜਾਂਦੇ ਹਨ ਅਤੇ ਲੜਾਈ-ਝਗੜੇ ਦਾ ਕਾਰਨ ਬਣਦੇ ਹਨ | ਪੈਦਲ ਚੱਲਣ ਵਾਲੇ ਲੋਕਾਂ ਨੂੰ ਮਜਬੂਰੀ ਵੱਸ ਸੜਕ 'ਤੇ ਚੱਲਣਾ ਪੈਂਦਾ ਹੈ, ਜਿਸ ਕਾਰਨ ਕਈ ਵਾਰ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ | ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਮੁੱਖ ਮਾਰਗ ਤੋਂ ਬਾਜ਼ਾਰ ਵੱਲ ਜਾਂਦੇ ਰਸਤੇ 'ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ | ਮੀਂਹ ਪੈਣ ਤੋਂ ਬਾਅਦ ਤਿੰਨ-ਚਾਰ ਦਿਨ ਤੱਕ ਪਾਣੀ ਨਹੀਂ ਸੁੱਕਦਾ ਜਿਸ ਕਾਰਨ ਸੜਕ ਦੀ ਮਾੜੀ ਹਾਲਤ ਰੋਜ਼ਾਨਾ ਕਿਸੇ ਨਾ ਕਿਸੇ ਦੇ ਡਿੱਗਣ ਅਤੇ ਹਾਦਸੇ ਦਾ ਸ਼ਿਕਾਰ ਹੋਣ ਦਾ ਕਾਰਨ ਬਣਦੀ ਹੈ | ਦੁਕਾਨਦਾਰਾਂ ਵਲੋਂ ਆਪਣਾ ਸਾਮਾਨ ਦੁਕਾਨਾਂ ਤੋਂ ਬਾਹਰ ਰੱਖਣ ਕਾਰਨ ਵੀ ਲੰਘਣ ਲਈ ਜਗ੍ਹਾ ਨਹੀਂ ਬਚਦੀ, ਜਿਸ ਨਾਲ ਆਮ ਜਨਤਾ ਨੂੰ ਖ਼ਰੀਦਦਾਰੀ ਕਰਨ ਵਿਚ ਵੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ | ਦੂਜੇ ਪਾਸੇ ਬਸੀ ਪਠਾਣਾਂ ਦਾ ਮੁੱਖ ਬਾਜ਼ਾਰ ਜੋ ਕਦੇ ਸ਼ਹਿਰ ਦੀ ਰੌਣਕ ਸੀ, ਅੱਜ ਕੱਲ੍ਹ ਤੰਗ ਰਾਹਾਂ ਅਤੇ ਬੇਤਰਤੀਬੀ ਆਵਾਜਾਈ ਕਾਰਨ ਲੋਕਾਂ ਲਈ ਸਿਰਦਰਦੀ ਬਣ ਗਿਆ ਹੈ | ਦੁਕਾਨਦਾਰਾਂ ਵਲੋਂ ਆਪਣਾ ਸਾਮਾਨ ਦੁਕਾਨਾਂ ਤੋਂ ਬਾਹਰ ਸੜਕ 'ਤੇ ਲਗਾਉਣ ਅਤੇ ਗਾਹਕਾਂ ਵਲੋਂ ਆਪਣੇ ਮੋਟਰਸਾਈਕਲ ਤੇ ਸਕੂਟਰ ਸੜਕ ਕਿਨਾਰੇ ਖੜ੍ਹੇ ਕਰਨ ਕਾਰਨ ਬਾਜ਼ਾਰ 'ਚੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ | ਇਸ ਤੋਂ ਇਲਾਵਾ ਬਾਜ਼ਾਰ ਦੇ ਬਾਹਰਵਾਰ ਸਬਜ਼ੀ ਅਤੇ ਫਲਾਂ ਦੀਆਂ ਰੇਹੜੀਆਂ ਵਾਲਿਆਂ ਨੇ ਵੀ ਆਪਣਾ ਸਾਮਾਨ ਇੰਨਾ ਜ਼ਿਆਦਾ ਬਾਹਰ ਫੈਲਾਇਆ ਹੁੰਦਾ ਹੈ ਕਿ ਆਵਾਜਾਈ ਲਈ ਬਹੁਤ ਘੱਟ ਥਾਂ ਬਚਦੀ ਹੈ | ਇਸ ਕਾਰਨ ਆਏ ਦਿਨ ਛੋਟੇ-ਮੋਟੇ ਹਾਦਸੇ ਹੁੰਦੇ ਰਹਿੰਦੇ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੈਦਲ ਚੱਲਣ ਵਾਲਿਆਂ ਲਈ ਤਾਂ ਇਹ ਬਾਜ਼ਾਰ ਹੋਰ ਵੀ ਚੁਣੌਤੀ ਪੂਰਨ ਹੋ ਗਿਆ ਹੈ | ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਬਾਜ਼ਾਰ ਅਤੇ ਸੜਕਾਂ 'ਤੇ ਆਵਾਜਾਈ ਸੁਚਾਰੂ ਹੋ ਸਕੇ ਅਤੇ ਲੋਕ ਬੇਖ਼ੌਫ ਹੋ ਕੇ ਖ਼ਰੀਦਦਾਰੀ ਕਰ ਸਕਣ ਅਤੇ ਸੁਰੱਖਿਅਤ ਯਾਤਰਾ ਕਰ ਸਕਣ |