ਨਵਾਂਸ਼ਹਿਰ, 2 ਦਸੰਬਰ (ਜਸਬੀਰ ਸਿੰਘ ਨੂਰਪੁਰ) - ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋਂ ਵਿਸ਼ਵ ਏਡਜ਼ ਰੋਕੂ ਦਿਵਸ ਦੇ ਸਬੰਧ 'ਚ ਜਾਗਰੂਕਤਾ ਸੈਮੀਨਾਰ ਸਕੂਲ ਆਫ ਐਮੀਨੈਂਸ, ਨਵਾਂਸ਼ਹਿਰ ਵਿਖੇ ਕਰਵਾਇਆ ਗਿਆ | ਜਿਸ 'ਚ ਪੰਜਾਬ ਸਟੇਟ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਡੀਅਨ ਕੌਂਸਲ ਆਫ ਸ਼ੋਸ਼ਲ ਵੈਲਫੇਅਰ ਨਵਾਂਸ਼ਹਿਰ ਨੇ ਸਹਿਯੋਗ ਦਿੱਤਾ ਅਤੇ ਏ. ਆਰ. ਟੀ ਸੈਂਟਰ ਅਤੇ ਓਟ ਸੈਂਟਰ ਨਵਾਂਸ਼ਹਿਰ ਵਲੋਂ ਭਾਗ ਲਿਆ | ਸਮਾਗਮ ਦੀ ਪ੍ਰਧਾਨਗੀ ਸ. ਸਰਬਜੀਤ ਸਿੰਘ ਪਿ੍ੰਸੀਪਲ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਨੇ ਕੀਤੀ | ਇਸ ਮੌਕੇ 'ਤੇ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਆਈ. ਆਰ. ਸੀ. ਏ ਨਵਾਂਸ਼ਹਿਰ ਨੇ ਸੰਬੋਧਨ ਹੁੰਦਿਆਂ ਦੱਸਿਆ ਕਿ ਪਹਿਲੀ ਦਸੰਬਰ 1988 ਤੋਂ ਵਿਸ਼ਵ ਸਿਹਤ ਸੰਗਠਨ ਵਲੋਂ ਇਹ ਦਿਵਸ ਮਨਾਉਣਾ ਸ਼ੁਰੂ ਕੀਤਾ | ਉਨ੍ਹਾਂ ਦੱਸਿਆ ਕਿ ਐਚ. ਆਈ. ਵੀ ਉਹ ਵਾਇਰਸ ਹੈ ਜੋ ਏਡਜ ਦਾ ਕਾਰਨ ਬਣਦਾ ਹੈ, ਪੀੜਤ ਵਿਅਕਤੀ ਦਾ ਇਮਿਊਨ ਸਿਸਟਮ ਕੰਮਜੋਰ ਹੋ ਜਾਂਦਾ ਹੈ | ਐਚ. ਆਈ. ਵੀ ਪ੍ਰਭਾਵਿਤ ਵਿਅਕਤੀ ਨੂੰ ਨਿਰਧਾਰਤ ਦਵਾਈ ਜੀਵਨ ਭਰ ਲੈਣੀ ਪੈਂਦੀ ਹੈ | ਜੋ ਸਰਕਾਰੀ ਹਸਪਤਾਲ ਵਿੱਚ ਏ. ਆਰ. ਟੀ ਸੈਂਟਰ ਤੋਂ ਮੁਫ਼ਤ ਮਿਲਦੀ ਹੈ | ਇਸ ਵਾਇਰਸ ਦੀ ਪਛਾਣ ਪਹਿਲੀ ਵਾਰ ਅਮਰੀਕਾ ਵਿੱਚ ਕੀਤੀ ਗਈ | ਦੁਨੀਆਂ ਭਰ 'ਚ ਚਾਰ ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹਨ | ਇਹ ਜਾਨਲੇਵਾ ਵਾਇਰਸ ਹੈ | 15 ਤੋਂ 24 ਸਾਲ ਤੱਕ ਦੇ ਲੜਕੀਆਂ ਅਤੇ ਲੜਕੇ ਜਿਆਦਾ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਰਹੇ ਹਨ | ਇਹ ਲਾਇਲਾਜ ਹੈ | ਇਸ ਵਾਇਰਸ ਨੂੰ ਐਂਟੀਰੇਟਰੋਵਾਇਰਲ ਥੈਰੇਪੀ ਨਾਲ ਸਰੀਰ ਵਿੱਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ | ਭਾਰਤ ਵਿੱਚ 15 ਤੋਂ 49 ਸਾਲ ਦੀ ਉਮਰ ਦੇ 25 ਲੱਖ ਦੇ ਕਰੀਬ ਪੀੜਤ ਹਨ | ਸਾਊਥ ਅਫਰੀਕਾ ਵਿੱਚ ਸਭ ਤੋਂ ਵੱਧ ਲੋਕ ਪ੍ਰਭਾਵਿਤ ਹਨ | ਇਹ ਵਾਇਰਸ ਪ੍ਰਭਾਵਿਤ ਵਿਅਕਤੀ ਦਾ ਖੂਨ ਚੜ੍ਹਾਉਣ, ਅਸੁਰੱਖਿਅਤ ਸਰੀਰਕ ਸਬੰਧ, ਨਸ਼ਾ ਪੀੜਤ ਵਿਅਕਤੀਆਂ ਵਲੋਂ ਪ੍ਰਭਾਵਿਤ ਸੂਈ ਸਰਿੰਜ ਦੀ ਵਰਤੋ, ਵਾਇਰਸ ਗ੍ਰਸਤ ਬਲੇਡ ਆਦਿ ਦੀ ਵਰਤੋਂ ਨਾਲ ਅਤੇ ਪ੍ਰਭਾਵਿਤ ਮਾਂ ਤੋਂ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਨਾਲ ਹੁੰਦਾ ਹੈ |