ਉੜਾਪੜ/ਲਸਾੜਾ, 2 ਦਸੰਬਰ (ਲਖਵੀਰ ਸਿੰਘ ਖ਼ੁਰਦ)-ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਔੜ ਬਲਾਕ ਨੂੰ ਤੋੜਨ ਵਿਰੁੱਧ ਸੀ.ਪੀ.ਆਈ (ਐਮ.ਐਲ) ਨਿਊ ਡੈਮੋਕਰੇਸੀ ਵਲੋਂ ਜਨਤਕ ਜਥੇਬੰਦੀਆਂ ਦੀ ਇੱਕ ਮੀਟਿੰਗ 3 ਦਸੰਬਰ ਨੂੰ 11 ਵਜੇ ਧਰਮ ਸਿੰਘ ਪੰਗਲੀਆ ਯਾਦਗਾਰੀ ਕਮਿਊਨਿਟੀ ਹਾਲ ਉੜਾਪੜ ਵਿਖੇ ਬੁਲਾਈ ਗਈ ਹੈ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਦੇ ਆਗੂ ਦਲਜੀਤ ਸਿੰਘ ਐਡਵੋਕੇਟ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਔੜ ਬਲਾਕ ਨੂੰ ਤੋੜਨ ਨਾਲ ਔੜ ਨਾਲ ਜੁੜੇ ਰਹੇ ਪਿੰਡਾਂ ਦੇ ਲੋਕਾਂ ਨੂੰ ਅਤੇ ਪੰਚਾਇਤਾਂ ਨੂੰ ਆਪਣੇ ਕੰਮਾਂ-ਕਾਰਾਂ ਲਈ ਬੰਗਾ ਜਾਂ ਨਵਾਂਸ਼ਹਿਰ ਜਾਣਾ ਪਵੇਗਾ | ਇਥੇ ਹੀ ਬਸ ਨਹੀਂ ਔੜ ਬਲਾਕ ਦੇ ਟੁੱਟਣ ਨਾਲ ਖੇਤੀਬਾੜੀ ਬਲਾਕ ਅਫ਼ਸਰ ਔੜ ਦਾ ਦਫ਼ਤਰ ਵੀ ਬੰਦ ਹੋ ਜਾਵੇਗਾ | ਉਹਨਾਂ ਨੇ ਲੋਕਾਂ ਨੂੰ ਇਸ ਮੀਟਿੰਗ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ |