ਬੰਗਾ, 20 ਨਵੰਬਰ (ਧਰਮਵੀਰ ਪਾਲ)-ਪਾਰਟੀ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਦੇ ਉਦੇਸ਼ ਨਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਦੀ ਪ੍ਰਧਾਨਗੀ ਹੇਠ ਮਹੱਤਵਪੂਰਨ ਮੀਟਿੰਗ ਬੰਗਾ ਵਿਖੇ ਕੀਤੀ ਗਈ, ਜਿਸ ਵਿੱਚ ਹਲਕਾ ਯੂਥ ਵਿੰਗ ਦੇ ਇੰਚਾਰਜਾਂ ਵੀ ਹਾਜ਼ਰ ਹੋਏ | ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਨੇ ਮੀਟਿੰਗ ਦੌਰਾਨ ਬੋਲਦਿਆਂ ਕਿਹਾ ਕਿ ਹਲਕੇ ਪੱਧਰ 'ਤੇ ਹਰ ਵਿੰਗ ਇੰਚਾਰਜ ਆਪਣੀ ਟੀਮ ਸਮੇਤ ਜਨਤਾ ਦੇ ਹਿਤਾਂ ਨੂੰ ਸਭ ਤੋਂ ਪਹਿਲਾਂ ਰੱਖੇ | ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਾਰਟੀ ਦੇ ਮੂਲ ਸਿਧਾਂਤ ਪਾਰਦਰਸ਼ਤਾ, ਜਵਾਬਦੇਹੀ, ਲੋਕ ਸੇਵਾ ਅਤੇ ਮੈਦਾਨੀ ਜੁੜਤ ਨੂੰ ਹਰ ਇੱਕ ਵਰਕਰ ਆਪਣੇ ਜੀਵਨ ਦਾ ਹਿੱਸਾ ਬਣਾਏ | ਉਨ੍ਹਾਂ ਕਿਹਾ ਕਿ ਪਾਰਟੀ ਦੀ ਸਫਲਤਾ ਮਜ਼ਬੂਤ ਬੂਥ ਸੰਗਠਨ, ਘਰ-ਘਰ ਸੰਪਰਕ ਮੁਹਿੰਮ ਅਤੇ ਹਕੀਕਤਾਂ 'ਤੇ ਆਧਾਰਿਤ ਜ਼ਮੀਨੀ ਰਿਪੋਰਟਾਂ 'ਤੇ ਟਿਕੀ ਹੁੰਦੀ ਹੈ | ਇਸ ਲਈ ਹਰ ਵਿੰਗ ਇੰਚਾਰਜ ਨੂੰ ਆਪਣੀ ਜ਼ਿੰਮੇਵਾਰੀ ਦੇ ਨਾਲ ਪੂਰੀ ਇਮਾਨਦਾਰੀ ਅਤੇ ਸਰਗਰਮ ਭੂਮਿਕਾ ਨਿਭਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਦੀ ਅਸਲ ਤਾਕਤ ਵਰਕਰ ਹਨ ਅਤੇ ਹਰ ਵਰਕਰ ਦੀ ਭੂਮਿਕਾ ਪਾਰਟੀ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਸਭ ਤੋਂ ਵੱਡੀ ਹੈ | ਉਨ੍ਹਾਂ ਨੇ ਯੂਥ ਵਿੰਗ ਨੂੰ ਹਦਾਇਤ ਦਿੱਤੀ ਕਿ ਨੌਜਵਾਨਾਂ ਵਿੱਚ ਪਾਰਟੀ ਦੇ ਵਿਜ਼ਨ ਨੂੰ ਘਰ-ਘਰ ਤੱਕ ਲੈ ਜਾ ਕੇ ਮਜ਼ਬੂਤ ਜਥੇਬੰਦੀ ਤਿਆਰ ਕੀਤੀ ਜਾਵੇ | ਹਲਕਾ ਯੂਥ ਵਿੰਗ ਇੰਚਾਰਜ ਵਿਪਨ ਰਾਣਾ ਬਲਾਕ ਇੰਚਾਰਜਾਂ ਨੂੰ ਹਿਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਖੇਤਰਾਂ ਦੀ ਰਿਪੋਰਟ ਸਾਂਝੀ ਕਰਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਜਾਗਰੂਕਤਾ ਪ੍ਰੋਗਰਾਮਾਂ ਨੂੰ ਚਲਾਉਣ ਲਈ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਣ | ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ ਨੇ ਕਿਹਾ ਕਿ ਹਲਕੇ ਦੇ ਹਰ ਪਿੰਡ ਵਿੱਚ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕੀਤੀਆਂ ਜਾਣਗੀਆਂ | ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਬੰਗਾ ਹਲਕੇ ਦੇ ਗੁਰੂ ਚਰਨ ਛੋਹ ਪ੍ਰਾਪਤ ਚਾਰ ਪਿੰਡ ਜੀਂਦੋਵਾਲ, ਸਰਹਾਲ ਕਾਜ਼ੀਆਂ, ਹਕੀਮਪੁਰ ਅਤੇ ਚੱਕ ਗੁਰੂ ਨੂੰ 50-50 ਲੱਖ ਦੀ ਸਪੈਸ਼ਲ ਗਰਾਂਟ ਦਿੱਤੀ ਜਾਵੇਗੀ | ਮੀਟਿੰਗ ਵਿੱਚ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਅਤੇ ਹੋਰ ਹਾਜ਼ਰ ਸਨ |