ਨਵਾਂਸ਼ਹਿਰ, 19 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਵਿਵੇਕ ਵਿਕਾਸ ਲਹਿਰ ਪੰਜਾਬ ਮੁੱਖ ਦਫ਼ਤਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗਿਆਨ ਵੰਡਣ ਦੀ ਮੁਹਿੰਮ ਮੁਫ਼ਤ ਪੁਸਤਕਾਂ ਰਾਹੀਂ ਸ਼ੁਰੂ ਕੀਤੀ ਹੋਈ ਹੈ | ਜਿਸ ਤਹਿਤ ਪਿੰਡਾਂ ਵਿੱਚ ਸਮਾਗਮਾਂ ਦੌਰਾਨ ਅਤੇ ਸਕੂਲਾਂ ਵਿੱਚ ਜਾ ਕੇ ਗਿਆਨ-ਵਿਗਿਆਨ ਨਾਲ ਸੰਬੰਧਿਤ ਬਿਲਕੁੱਲ ਮੁਫਤ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ | ਇਸ ਲੜ੍ਹੀ ਤਹਿਤ ਸੰਸਥਾ ਵਲੋਂ ਤੇਰਵਾਂ ਸਮਾਗਮ ਪਿੰਡ ਮਹਿੰਦੀਪੁਰ ਵਿਖੇ ਕੀਤਾ ਗਿਆ | ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਇੰਜੀ. ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਜੋ ਕੁੱਝ ਵੀ ਪੜਿ੍ਹਆ ਜਾਵੇ, ਉਸ ਨੂੰ ਵਿਚਾਰਿਆ ਜਾਵੇ ਅਤੇ ਵਿਚਾਰ ਕਰਕੇ ਪ੍ਰਾਪਤ ਕੀਤੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਜਾਵੇ | ਸਾਨੂੰ ਸਿੱਖਣ ਅਤੇ ਜਾਨਣ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ, ਤਾਂ ਕਿ ਸੋਚ ਨੂੰ ਸਮੇਂ ਦੀ ਹਾਣੀ ਬਣਾਇਆ ਜਾਵੇ | ਇਹਨਾਂ ਤੋਂ ਇਲਾਵਾ ਹਰੀਬਿਲਾਸ ਹੀਉਂ ਅਤੇ ਮੁਲਾਜ਼ਮ ਆਗੂ ਗੁਰਦਿਆਲ ਸਿੰਘ ਮਹਿੰਦੀਪੁਰ ਨੇ ਬੱਚਿਆਂ ਨੂੰ ਇੱਕ ਉਦੇਸ਼ ਮਿੱਥ ਕੇ ਉਸ ਦੀ ਪ੍ਰਾਪਤੀ ਵਾਸਤੇ ਮਿਹਨਤ ਕਰਨ ਲਈ ਪ੍ਰੇਰਤ ਕੀਤਾ | ਸਮਾਗਮ ਦੇ ਅੰਤ ਵਿੱਚ ਸਮੂਹ ਵਿਦਿਆਰਥੀਆਂ ਨੂੰ ਗਿਆਨ-ਵਿਗਿਆਨ ਨਾਲ ਸੰਬੰਧਿਤ ਮੁਫ਼ਤ ਕਿਤਾਬਾਂ ਵੰਡੀਆਂ ਗਈਆ |