ਨਵਾਂਸ਼ਹਿਰ, 6 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਜੋ ਕਿ ਖੁਦ ਵੀ ਖੂਨਦਾਨੀ ਹਨ ਖੂਨਦਾਨ ਸੇਵਾ ਨੂੰ ਸਮਰਪਿਤ ਸਥਾਨਕ ਬੀ. ਡੀ. ਸੀ ਬਲੱਡ ਸੈਂਟਰ ਤੋਂ ਦਿਨ ਰਾਤ ਹੁੰਦੀ ਸੇਵਾ ਨੂੰ ਵੇਖਣ ਲਈ ਸੱਦਭਾਵਨਾ ਤੌਰ 'ਤੇ ਪਧਾਰੇ | ਇਸ ਮੌਕੇ ਜੀ.ਐਸ.ਤੂਰ, ਜੇ.ਐਸ. ਗਿੱਦਾ, ਮਾਸਟਰ ਨਰਿੰਦਰ ਸਿੰਘ ਭਾਰਟਾ, ਤ੍ਰਲੋਚਨ ਸਿੰਘ ਭਾਰਟਾ ਤੇ ਹਰਮੀਤ ਸਿੰਘ ਜਰਮਨ ਹਾਜਰ ਸਨ | ਮੈਨੇਜਰ ਮਨਮੀਤ ਸਿੰਘ ਤੇ ਟੈਕਨੀਕਲ ਸੁਪਰਵਾਈਜ਼ਰ ਰਾਜਿੰਦਰ ਠਾਕੁਰ ਵਲੋਂ ਭਵਨ ਦੀਆਂ ਵੱਖ-ਵੱਖ ਸ਼ਾਖਾਂਵਾ ਬਾਰੇ ਗਿਆਨੀ ਜੀ ਨਾਲ ਜਾਣਕਾਰੀ ਸਾਂਝੀ ਕੀਤੀ ਗਈ | ਉਹਨਾਂ ਨੂੰ ਦੱਸਿਆ ਗਿਆ ਕਿ ਇਸ ਸੰਸਥਾ ਵਲੋਂ ਕਰੀਬ 40 ਸਾਲ ਤੋਂ ਕੀਤੇ ਕਾਰਜਾਂ ਦੇ ਫਲਸਰੂਪ ਅੱਜ ਖੂਨਦਾਨ ਪ੍ਰਤੀ ਵਿਸ਼ਾਲ ਜਾਗਰੂਕਤਾ ਇਸ ਪੱਧਰ ਤੱਕ ਫੈਲ ਚੁੱਕੀ ਹੈ ਕਿ ਕਈ ਵਾਰ ਤਾਂ ਇੱਕੋ ਦਿਨ ਇੱਕ ਤੋਂ ਵੱਧ ਖੂਨਦਾਨ ਕੈਂਪਾਂ ਲਈ ਤਾਰੀਖਾਂ ਤੈਅ ਕਰਨਗੀਆਂ ਔਖੀਆਂ ਹੋ ਜਾਂਦੀਆਂ ਹਨ | ਇਹ ਵੀ ਦੱਸਿਆ ਗਿਆ ਕਿ ਹੁਣ ਇੱਕ ਖੂਨਦਾਨੀ ਚਾਰ ਜਾਨਾਂ ਬਚਾਅ ਸਕਦਾ ਹੈ | ਉਹਨਾਂ ਨਾਲ ਹੋਲ-ਬਲੱਡ ਯੂਨਿਟ ਸੇਵਾ ਤੇ ਬਲੱਡ-ਸੈੱਲਜ਼ ਸੈਪਰੇਟਰ ਯੂਨਿਟ ਸੇਵਾ ਦੇ ਅੰਤਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਗਿਆਨੀ ਸਰਬਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਗੁਰਬਾਣੀ ਸਾਨੂੰ ਸੇਵਾ-ਭਾਵਨਾ ਨਾਲ ਜੀਉਣ ਦੀ ਪ੍ਰੇਰਨਾ ਕਰਦੀ ਹੈ | ਸੰਸਥਾ ਵਲੋਂ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿ੍ਹਆਂ ਨੂੰ ਤੇ ਹਰਮੀਤ ਸਿੰਘ ਜਰਮਨ ਨੂੰ ਸਨਮਾਨਿਤ ਕੀਤਾ ਗਿਆ |