ਬੰਗਾ, 5 ਨਵੰਬਰ (ਕੁਲਦੀਪ ਸਿੰਘ ਪਾਬਲਾ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਦਿਹਾੜੇ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਜ ਸੇਵੀ ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਵੱਲੋਂ ਦੇਹਰਾ ਬਾਬਾ ਗੁਲਾਬ ਸਿੰਘ ਪਿੰਡ ਨੌਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ | ਇਸ ਸਮਾਗਮ 'ਚ ਕੀਰਤਨੀ ਜਥੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗੁ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਸਤਾਨ ਸਿੰਘ ਅਤੇ ਸੰਤ ਬਾਬਾ ਸੁੱਚਾ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਵੱਲੋਂ ਬਾਬਾ ਬਲਵੀਰ ਸਿੰਘ ਰਾਹੀ ਭੇਜੇ ਗਏ ਸਿਰੋਪਾਓ ਦੇ ਕੇ ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਦਾ ਸਨਮਾਨ ਕੀਤਾ ਗਿਆ | ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਸੇਵਦਾਰ ਬਾਬਾ ਜਰਨੈਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਸਰਦਾਰ ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਵੱਲੋਂ 40 ਸਾਲ ਤੋਂ ਲਗਾਤਾਰ ਇਸ ਅਖੰਡ ਪਾਠਾਂ ਦੀ ਸੇਵਾ ਅਤੇ 6 ਨਵੰਬਰ ਨੂੰ ਫਰੀ ਅੱਖਾਂ ਦੇ ਚੈਕਅਪ ਆਪਰੇਸ਼ਨ ਕੈਂਪ ਦੀ ਫਰੀ ਸੇਵਾ ਕਰ ਰਹੇ ਹਨ | ਇਸ ਮੌਕੇ ਪ੍ਰਧਾਨ ਮਸਤਾਨ ਸਿੰਘ, ਬਾਬਾ ਜਰਨੈਲ ਸਿੰਘ ਕਿਲ੍ਹਾ ਅਨੰਦਗੜ੍ਹ ਵਾਲੇ, ਜਥੇਦਾਰ ਸਵਰਨਜੀਤ ਸਿੰਘ ਕੋਟ ਪੱਲੀਆਂ, ਬਾਬਾ ਬਲਬੀਰ ਸਿੰਘ ਕਿਲ੍ਹਾ ਅਨੰਦਗੜ੍ਹ ਵਾਲੇ, ਮਿਸਤਰੀ ਕਿਲ੍ਹਾ ਅਨੰਦਗੜ੍ਹ ਵਾਲੇ, ਸੁਰਿੰਦਰ ਸਿੰਘ ਖਾਲਸਾ ਅਤੇ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਆਦਿ ਹਾਜ਼ਰ ਸਨ |