ਮੁਕੰਦਪੁਰ, 5 ਨਵੰਬਰ (ਅਮਰੀਕ ਸਿੰਘ ਢੀਂਡਸਾ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਮੁਕੰਦਪੁਰ ਵਿਖੇ ਸ੍ਰੀ ਅਖੰਡ ਜਾਪ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਦੌਰਾਨ ਵਿਦਵਾਨ ਕਥਾ ਵਾਚਕਾਂ ਨੇ ਬਾਬੇ ਨਾਨਕ ਵੱਲੋਂ ਮਨੁੱਖਤਾ ਦੀ ਸੋਚ ਵਿੱਚ ਉਸ ਸਮੇਂ ਆਈ ਗਿਰਾਵਟ ਨੂੰ ਦੂਰ ਕਰਨ ਲਈ ਗਿਆਨ ਦਾ ਚਾਨਣ ਵੰਡਿਆ ਜਿਸ ਨਾਲ ਬਾਬਰ ਵਰਗੇ ਜਾਬਰਾਂ ਨੂੰ ਮੂੰਹ 'ਤੇ ਸੱਚੀਆਂ ਅਤੇ ਖਰੀਆਂ-ਖਰੀਆਂ ਸੁਣਾ ਕੇ ਸੱਚ ਦਾ ਚਾਨਣ ਕਰਵਾਉਣ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਦੌਰਾਨ ਆਪ ਪੰਜਾਬ ਇਸਤਰੀ ਵਿੰਗ ਦੇ ਸਕੱਤਰ ਅਤੇ ਨੌਜਵਾਨ ਸੂਝਵਾਨ ਆਗੂ ਹਰਜੋਤ ਕੌਰ ਲੋਹਟੀਆ ਵਲੋਂ ਲਗਾਤਾਰ ਤਿੰਨ ਦਿਨ ਹਾਜ਼ਰੀ ਭਰ ਕੇ ਸੇਵਾ ਕੀਤੀ ਗਈ | ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੈਡਮ ਲੋਹਟੀਆ ਨੇ ਬਾਬੇ ਨਾਨਕ ਦੀ ਬਾਣੀ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਜੀਵਨ ਜਿਉਣ ਦੀ ਜਾਂਚ ਸਿੱਖਣ ਦੀ ਲੋੜ 'ਤੇ ਜ਼ੋਰ ਦਿੱਤਾ | ਉਹਨਾਂ ਦੱਸਿਆ ਕਿ ਅੱਜ ਵੀ ਔਰਤ ਵਰਗ ਉੱਤੇ ਬਹੁਤ ਅੱਤਿਆਚਾਰ ਹੋ ਰਹੇ ਨੇ ਜਦਕਿ ਬਾਬੇ ਨਾਨਕ ਨੇ ਔਰਤ ਦੇ ਹੱਕ ਵਿੱਚ ਹਾਅ ਦਾ ਨਾਰਾ ਮਾਰਿਆ ਸੀ ਅਤੇ ਰਾਜਿਆਂ ਵੱਲੋਂ ਪਰਜਾ ਨੂੰ ਦੁਖੀ ਕਰਨ ਤੇ ਉਹਨਾਂ ਨੂੰ 'ਰਾਜੇ ਸ਼ੀਹ ਮੁਕੱਦਮ ਕੁੱਤੇ' ਤੱਕ ਆਖ ਕੇ ਸੱਚ ਅਤੇ ਨਿਡਰਤਾ ਦਾ ਲੋਕਾਂ ਨੂੰ ਅਹਿਸਾਸ ਕਰਵਾਇਆ ਸੀ | ਉਹਨਾਂ ਕਿਹਾ ਕਿ ਅੱਜ ਵੀ ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਜੀਵਨ ਜਿਉਣ ਦੀ ਜਾਂਚ ਸਿੱਖਣੀ ਚਾਹੀਦੀ ਹੈ, ਜੋ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ | ਇਸ ਮੌਕੇ ਪ੍ਰਬੰਧਕ ਕਮੇਟੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ |