ਮਜਾਰੀ/ਸਾਹਿਬਾ, 21 ਜੁਲਾਈ (ਨਿਰਮਲਜੀਤ ਸਿੰਘ ਚਾਹਲ) - ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਸੜੋਆ ਡਾ. ਨਵਰੀਤ ਕੌਰ ਦੀ ਅਗਵਾਈ ਹੇਠ ਪਿੰਡ ਮਹਿੰਦਪੁਰ ਵਿਖੇ ਮਲੇਰੀਆ ਡੇਂਗੂ ਸੰਬੰਧੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ | ਇਸ ਮੌਕੇ ਹੈਲਥ ਇੰਸਪੈਕਟਰ ਆਦਰਸ਼ ਕੁਮਾਰ, ਹੈਲਥ ਵਰਕਰ ਹਰਕੀਰਤ ਸਿੰਘ, ਨੀਲਮ ਰਾਣੀ ਤੇ ਬਰੀਡਿੰਗ ਚੈਕਰ ਕੁਲਦੀਪ ਸਿੰਘ ਵਲੋਂ ਮਲੇਰੀਆ ਡੇਗੂ ਦੇ ਲੱਛਣਾਂ ਅਤੇ ਬਚਾਓ ਸੰਬੰਧੀ ਦੱਸਿਆ ਕਿ ਡੇਂਗੂ ਇਕ ਵਾਇਰਲ ਬੀਮਾਰੀ ਹੈ ਜੋ ਕਿ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ | ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਇਹ ਰੁਕੇ ਹੋਏ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ | ਇਸ ਲਈ ਸਾਨੂੰ ਹਫਤੇ ਵਿਚ ਇਕ ਦਿਨ ਆਪਣੇ ਕੂਲਰਾਂ, ਫਰਿਜ ਦੀਆਂ ਟ੍ਰੇਆਂ, ਪੁਰਾਣੇ ਟਾਇਰਾਂ, ਗਮਲਿਆਂ 'ਚ ਖੜ੍ਹੇ ਪਾਣੀ ਨੂੰ ਜਰੂਰ ਸਾਫ ਕਰਨਾ ਚਾਹੀਦਾ ਹੈ | ਇਸ ਮੌਕੇ ਸਰਪੰਚ ਸੁਖਵਿੰਦਰ ਕੌਰ ਅਤੇ ਪ੍ਰਵੀਨ ਕੌਰ ਪੰਚ, ਹਰੀ ਰਾਮ, ਰੇਬਲ ਸਿੰਘ ਆਦਿ ਸਨ |