ਨਵਾਂਸ਼ਹਿਰ, 21 ਜੁਲਾਈ (ਦੀਦਾਰ ਸਿੰਘ ਸ਼ੇਤਰਾ)-ਸਿਹਤ ਵਿਭਾਗ ਆਯੂਸ਼ਮਾਨ ਭਾਰਤ ਹੈਲਥ ਮਿਸ਼ਨ ਅਧੀਨ ਇੱਕ ਡਿਜੀਟਲੀ ਇੰਟੀਗ੍ਰੇਟਿਡ ਈਕੋ-ਸਿਸਟਮ ਰਾਹੀਂ ਹੈਲਥਕੇਅਰ ਡਲਿਵਰੀ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ | ਇਸ ਮਿਸ਼ਨ ਦਾ ਮੁੱਖ ਉਦੇਸ਼ ਹਰ ਨਾਗਰਿਕ ਦਾ ਆਯੂਸ਼ਮਾਨ ਭਾਰਤ ਹੈਲਥ ਅਕਾਊਾਟ (ਆਭਾ ਆਈ.ਡੀ) ਕਿਰੀਏਟ ਕਰਨਾ ਹੈ | ਇਸ ਗੱਲ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਿਹਤ ਅਧਿਕਾਰੀਆਂ ਦੀ ਇੱਕ ਮੀਟਿੰਗ ਦੌਰਾਨ ਕੀਤਾ | ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਨ੍ਹਾਂ ਦੀਆਂ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਦੇ ਆਭਾ ਅਕਾਊਾਟ ਬਣਵਾਉਣੇ ਯਕੀਨੀ ਬਣਾਏ ਜਾਣ | ਹਰ ਸੰਸਥਾ 'ਚ ਇਕ ਸਮਰਪਿਤ ਸਟਾਫ਼ ਮੈਂਬਰ ਵੀ ਨਿਯੁਕਤ ਕੀਤਾ ਜਾਏ | ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਬਣਾਈ ਜਾ ਰਹੀ ਆਭਾ ਆਈ.ਡੀ ਹਰ ਨਾਗਰਿਕ ਲਈ ਡਿਜੀਟਲ ਸਿਹਤ ਪਛਾਣ ਹੈ, ਜੋ ਮੈਡੀਕਲ ਰਿਕਾਰਡ ਨੂੰ ਸੁਰੱਖਿਅਤ ਅਤੇ ਸੰਗਠਿਤ ਰੂਪ ਵਿੱਚ ਇਕੱਠਾ ਕਰਦੀ ਹੋਈ ਵਿਅਕਤੀ ਨੂੰ ਆਪਣੀ ਸਿਹਤ ਸਬੰਧੀ ਜਾਣਕਾਰੀ ਨੂੰ ਆਸਾਨੀ ਨਾਲ ਕਿਤੇ ਵੀ ਅਤੇ ਕਿਸੇ ਵੀ ਸਮੇਂ ਐਕਸੈੱਸ ਕਰਨ ਯੋਗ ਬਣਾਉਂਦੀ ਹੈ | ਉਹਨਾਂ ਕਿਹਾ ਕਿ ਆਭਾ ਆਈ.ਡੀ ਭਵਿੱਖ ਦੇ ਸਿਹਤ ਸੰਭਾਲ ਸਿਸਟਮ ਦਾ ਮੂਲ ਆਧਾਰ ਹੈ | ਉਨ੍ਹਾਂ ਦੱਸਿਆ ਕਿ ਆਭਾ ਕਾਰਡ ਬਣਾਉਣ ਲਈ ਡਿਜੀਟਲ ਸਿਹਤ ਪ੍ਰਣਾਲੀ ਰਾਹੀਂ ਤੁਸੀਂ ਘਰ ਬੈਠੇ ਇਸ ਲਈ ਅਪਲਾਈ ਕਰ ਸਕਦੇ ਹੋ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਵੀ ਸੰਬੋਧਨ ਕੀਤਾ |