ਨਵਾਂਸ਼ਹਿਰ, 20 ਜੁਲਾਈ (ਦੀਦਾਰ ਸਿੰਘ ਸ਼ੇਤਰਾ)-ਨਿਊ ਆਟੋ ਵਰਕਰ ਯੂਨੀਅਨ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗਿ੍ਫ਼ਤਾਰ ਕੀਤੇ ਆਗੂਆਂ ਦੀ ਰਿਹਾਈ ਲਈ ਅਤੇ ਪੁਲਸ ਜਬਰ ਦੇ ਵਿਰੁੱਧ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 25 ਜੁਲਾਈ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਪਹੁੰਚਣ ਦਾ ਐਲਾਨ ਕੀਤਾ ਹੈ | ਯੂਨੀਅਨ ਨੇ ਇਹ ਐਲਾਨ ਇੱਥੇ ਕੀਤੀ ਗਈ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ 20 ਮਈ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿ ਉੱਤੇ ਪੁਲਸ ਨੇ ਸੰਗਰੂਰ ਜ਼ਿਲੇ੍ਹ ਦੀ 927 ਏਕੜ ਬੇਨਾਮੀ ਜ਼ਮੀਨ ਉੱਤੇ ਬੇਗ਼ਮਪੁਰਾ ਵਸਾਉਣ ਜਾ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਗਿ੍ਫ਼ਤਾਰ ਕੀਤਾ ਸੀ | ਜਿਹਨਾਂ ਵਿਚੋਂ ਕਈ ਅਜੇ ਵੀ ਜੇਲ੍ਹ ਵਿਚ ਬੰਦ ਹਨ | ਕਮੇਟੀ ਦੇ ਦੋ ਆਗੂਆਂ ਨੂੰ ਪੁਲਸ ਨੇ ਗੱਲਬਾਤ ਦੇ ਬਹਾਨੇ ਸੱਦ ਕੇ ਗਿ੍ਫ਼ਤਾਰ ਕੀਤਾ | ਉਹਨਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਨੂੰ ਪੁਲਸ ਰਾਜ ਬਣਾ ਰਹੀ ਹੈ, ਆਏ ਦਿਨ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ, ਪੁਲਸ ਹਿਰਾਸਤ ਵਿਚ ਮੌਤਾਂ ਹੋ ਰਹੀਆਂ ਹਨ | ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਪੁਲਸ ਜਬਰ ਨਾਲ ਦਬਾਇਆ ਜਾ ਰਿਹਾ ਹੈ ਅਤੇ ਯੂ.ਪੀ ਦੀ ਤਰਜ਼ ਉੱਤੇ ਘਰਾਂ ਨੂੰ ਬੁਲਡੋਜ਼ਰਾਂ ਨਾਲ ਢਾਹਿਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਮਾਨ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਬੀ.ਆਰ ਅੰਬੇਡਕਰ ਦੇ ਗੁਣਗਾਨ ਕਰਦੀ ਨਹੀਂ ਥੱਕਦੀ ਪਰ ਉਹਨਾਂ ਦੇ ਅਸਲ ਵਾਰਿਸਾਂ ਨੂੰ ਜੇਲ੍ਹਾਂ ਵਿਚ ਤਾੜ ਰਹੀ ਹੈ | ਉਹਨਾਂ ਕਿਹਾ ਕਿ ਮਾਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਆਏ ਦਿਨ ਨੰਗਾ ਹੋ ਰਿਹਾ ਹੈ ਅਤੇ ਇਸ ਸਰਕਾਰ ਵੱਲੋਂ ਖੜ੍ਹੇ ਕੀਤੇ ਧੰੂਏਾ ਦੇ ਪਹਾੜ ਸੰਘਰਸ਼ਾਂ ਦੀ ਹਨੇਰੀ ਨਾਲ ਉੱਡ ਰਹੇ ਹਨ | ਆਗੂਆਂ ਨੇ ਕਿਹਾ ਕਿ ਲੋਕ ਸੰਘਰਸ਼ਾਂ ਨੂੰ ਜਬਰ ਨਾਲ ਨਹੀਂ ਦਬਾਇਆ ਜਾ ਸਕਦਾ | ਉਹਨਾਂ ਕਿਹਾ ਕਿ ਜਥੇਬੰਦੀਆਂ ਸੰਗਰੂਰ ਵਿਚ ਵੱਡਾ ਇਕੱਠ ਕਰਕੇ ਪੁਲਸ ਦੀ ਦਹਿਸ਼ਤ ਨੂੰ ਤੋੜਨਗੀਆਂ | ਇਸ ਮੌਕੇ ਆਟੋ ਯੂਨੀਅਨ ਦੇ ਆਗੂਆਂ ਦੇਸ ਰਾਜ, ਗੋਪੀ, ਤਰਨਜੀਤ, ਕੁਲਵਿੰਦਰ ਸਿੰਘ, ਰੇਸ਼ਮ ਹੰਸਰੋਂ ਅਤੇ ਭੁਪਿੰਦਰ ਸਿੰਘ ਨੇ ਵੀ ਵਿਚਾਰ ਪ੍ਰਗਟ ਕੀਤੇ |