ਮਜਾਰੀ/ਸਾਹਿਬਾ, 20 ਜੁਲਾਈ (ਨਿਰਮਲਜੀਤ ਸਿੰਘ ਚਾਹਲ)-ਸਰਕਾਰਾਂ ਦੇ ਕੰਮ ਲੋਕਾਂ ਨੂੰ ਆਪਣੇ ਹੱਥੀ ਉੱਤਰ ਕੇ ਆਪ ਕਰਨੇ ਪੈ ਰਹੇ ਹਨ | ਜਿਸ ਦੀ ਮਿਸਾਲ ਵੇਖਣ ਨੂੰ ਮਿਲੀ ਹੈ ਆਈ.ਟੀ.ਆਈ ਸਾਹਿਬਾ ਦੇ ਲਾਗੇ ਇੱਕ ਸੜਕ ਦੇ ਟੁੱਟੇ ਹੋਏ ਹਿੱਸੇ ਨੂੰ ਪਿੰਡ ਅਟਾਲ ਮਜਾਰਾ ਨਿਵਾਸੀਆਂ ਵੱਲੋਂ ਆਪ ਮਿੱਟੀ ਪਾ ਕੇ ਸੜਕ ਨੂੰ ਚਾਲੂ ਕੀਤਾ ਗਿਆ ਹੈ | ਇਸ ਬਾਰੇ ਪੰਡਿਤ ਬਲਰਾਮ ਕਿ੍ਸ਼ਨ ਸਾਹਿਬਾ, ਗੁਰਮੁਖ ਸਿੰਘ ਅਟਾਲ ਮਜਾਰਾ, ਚੌਧਰੀ ਤਰਸੇਮ ਲਾਲ ਚਨਿਆਣੀ, ਬਹਾਦਰ ਸਿੰਘ ਬੈਂਸ ਅਤੇ ਲਖਵਿੰਦਰ ਸਿੰਘ ਦੋਵੇਂ ਪੰਚ ਅਟਾਲ ਮਜਾਰਾ, ਨੰਬਰਦਾਰ ਸੁਰਜੀਤ ਸਿੰਘ, ਹਰਬੰਸ ਸਿੰਘ ਕਾਨੂੰਗੋ ਆਦਿ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਸੜਕ ਦਾ ਇਹ ਹਿੱਸਾ ਬੁਰੀ ਤਰ੍ਹਾਂ ਟੁੱਟਿਆ ਪਿਆ ਹੈ | ਜਿਸ ਬਾਰੇ ਲੋਕਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਸੜਕ ਦੇ ਟੋਟੇ ਨੂੰ ਠੀਕ ਕਰਨ ਵਾਸਤੇ ਕਿਹਾ ਗਿਆ | ਪਰ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ | ਕਈ ਵਾਰ ਇਸ ਟੋਟੇ ਨੂੰ ਲੋਕਾਂ ਵੱਲੋਂ ਮਿੱਟੀ ਪਾ ਕੇ ਠੀਕ ਕੀਤਾ ਗਿਆ, ਪਰ ਜਦੋਂ ਬਾਰਸ਼ ਪੈਂਦੀ ਹੈ ਤਾਂ ਇਸ ਥਾਂ ਪਾਣੀ ਖੜਨ ਕਾਰਨ ਦਲਦਲ ਬਣ ਜਾਂਦੀ ਹੈ | ਜਿਸ ਕਾਰਨ ਪਿੰਡ ਅਟਾਲ ਮਜਾਰਾ ਤੇ ਹੋਰ ਉੱਪਰਲੇ ਪਿੰਡਾਂ ਦਾ ਵਾਇਆ ਸਾਹਿਬਾ ਇਲਾਕੇ ਨਾਲੋਂ ਸੰਪਰਕ ਟੁੱਟ ਜਾਂਦਾ ਹੈ | ਫਿਰ ਲੋਕਾਂ ਨੂੰ ਆਲੇ-ਦੁਆਲੇ ਦੇ ਪਿੰਡਾਂ ਵਿਚੋਂ ਹੋ ਕੇ ਆਪਣੇ ਕੰਮਾਂ ਕਾਰਾਂ ਲਈ ਜਾਣਾ ਪੈਂਦਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਆਈ.ਟੀ.ਆਈ ਸਾਹਿਬਾ ਵਿਖੇ ਪੜ੍ਹਨ ਆਉਣ ਵਾਲੇ ਬੱਚਿਆਂ ਨੂੰ ਵੀ ਕਾਫ਼ੀ ਦਿੱਕਤ ਆਉਂਦੀ ਹੈ | ਉਹਨਾਂ ਦੱਸਿਆ ਕਿ ਪਿੰਡ ਅਟਾਲ ਮਜਾਰਾ ਵਾਸੀਆਂ ਨੇ ਉੱਦਮ ਕਰਕੇ ਇਸ ਟੁੱਟੇ ਹੋਏ ਥਾਂ ਤੇ 20 ਤੋਂ 25 ਟਰਾਲੀਆਂ ਮਿੱਟੀ ਪਾ ਕੇ ਇਸ ਹਿੱਸੇ ਨੂੰ ਉੱਚਾ ਕੀਤਾ ਗਿਆ ਹੈ | ਹੁਣ ਅਗਲੇ ਦਿਨਾਂ ਵਿੱਚ ਇੱਥੇ ਲਿਆ ਕੇ ਗਟਕਾ ਪਾਇਆ ਜਾਵੇਗਾ ਤਾਂ ਜੋ ਬਾਰਸ਼ ਪੈਣ 'ਤੇ ਇੱਥੋਂ ਲੰਘਣ ਵਿੱਚ ਲੋਕਾਂ ਨੂੰ ਕੋਈ ਦਿੱਕਤ ਨਾ ਆ ਸਕੇ | ਇਸ ਮੌਕੇ ਸ਼ਾਮ ਲਾਲ ਬੱਸੀ, ਲਾਲਾ ਰਾਮ ਮੂਰਤੀ ਧਮ, ਜੱਸੀ ਬੈਂਸ, ਨਰੇਸ਼ ਕੁਮਾਰ, ਬਲਜੀਤ ਸਿੰਘ ਆਦਿ ਹਾਜ਼ਰ ਸਨ |