ਨਵਾਂਸ਼ਹਿਰ, 19 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਨਵਾਂਸ਼ਹਿਰ ਨਗੀਨਾ ਮੀਂਹ ਇਕ ਦਿਨ ਚਿੱਕੜ ਮਹੀਨਾ ਇਹ ਕਹਾਵਤ ਪੁਰਾਣੀ ਹੋ ਗਈ ਹੈ | ਹੁਣ ਸੀਵਰੇਜ ਵਿਭਾਗ ਦੀ ਅਣਗਹਿਲੀ ਸਦਕਾ ਨਵੀਆਂ ਕਹਾਵਤਾਂ ਹੋਂਦ 'ਚ ਆਉਂਣ ਲੱਗੀਆਂ ਹਨ | ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਗੰਦੇ ਪਾਣੀਆਂ ਦੀ ਥਾਂ-ਥਾਂ ਨਿਕਾਸੀ ਦੇ ਮੁੱਦੇ ਨੂੰ ਲੈਕੇ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਕਰਨ ਲਈ, ਤੱਕ ਜਾਣਾ ਪਿਆ ਹੈ | ਮੁਹੱਲਾ ਨਵੀਂ ਆਬਾਦੀ, ਇਬਰਾਹੀਮ ਬਸਤੀ, ਚਰਚ ਕਲੋਨੀ, ਗੁਰੂ ਨਾਨਕ ਨਗਰ, ਗੁਰੂ ਅੰਗਦ ਨਗਰ ਵਾਸੀਆਂ ਵਲੋਂ ਕੀਤੀ ਸ਼ਿਕਾਇਤ ਉਪਰੰਤ ਵੀ ਪਰਨਾਲਾ ਉਥੇ ਦਾ ਉਥੇ ਹੀ ਰਹਿਣਾ | ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ | ਕੌਂਸਲਰ ਚੇਤ ਰਾਮ ਰਤਨ, ਰੇਸ਼ਮ ਸਿੰਘ ਖਾਲਸਾ, ਜਗਦੀਪ ਸਿੰਘ ਨਵਾਂਸ਼ਹਿਰ ਨੇ ਦੱਸਿਆ ਕਿ ਹੁਣ ਤਾਂ ਨਗਰ ਕੌਂਸਲ ਕੋਲ ਕਰੋੜਾਂ ਰੁਪਏ ਦੀ ਮਸ਼ਨਰੀ ਵੀ ਉਪਲਬਧ ਹੈ, ਪਰ ਸੀਵਰੇਜ ਦਾ ਇਹ ਮਸਲਾ ਹੱਲ ਕਿਉਂ ਨਹੀ ਹੋ ਰਿਹਾ? ਕਮੇਟੀ ਦੇ ਕਰਮਚਾਰੀ ਮਸ਼ੀਨ ਲੈ ਕੇ ਆਉਦੇ ਹਨ, ਢੱਕਣ ਖੋਹਲ ਕੇ, ਕਾਰਵਾਈ ਪਾਉਂਦੇ ਹਨ, ਚਲੇ ਜਾਦੇ ਹਨ | ਚੰਡੀਗੜ੍ਹ ਰੋਡ 'ਤੇ ਹੋਟਲ ਪੈਰਿਸ ਤੋਂ ਲੈਕੇ ਸ਼ਹਿਰ ਵੱਲ ਦੀਆਂ ਦੁਕਾਨਾਂ ਤੱਕ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਇਸ ਤਰ੍ਹਾਂ ਖੜ੍ਹਾ ਦਿਖਾਈ ਦੇ ਰਿਹਾ ਹੈ ਜਿਵੇਂ ਸ਼ਹਿਰ ਦਾ ਕੋਈ ਵਾਲੀ ਵਾਰਿਸ ਹੀ ਨਹੀਂ ਹੈ | ਮਿਹਰ ਨਿਵਾਸ ਵੱਲ ਨੂੰ ਪੈਦਲ ਲੰਘਣਾ ਦਰਿਆ ਪਾਰ ਕਰਨ ਬਰਾਬਰ ਹੈ | ਇਸ ਤਰ੍ਹਾਂ ਹੀ ਆਰ. ਕੇ. ਆਰੀਆ ਕਾਲਜ ਦੇ ਬੀ.ਐੱਡ ਕਾਲਜ ਵਾਲੇ ਗੇਟ ਅੱਗੇ ਪਾਣੀ ਖੜ੍ਹਾ ਰਹਿੰਦਾ, ਚੰਡੀਗੜ੍ਹ ਚੌਂਕ ਵਿੱਚ ਗੁਰਦੁਆਰਾ ਸਾਹਿਬ ਦੇ ਖੂੰਜੇ ਖੜ੍ਹਾ ਪਾਣੀ ਸੀਵਰੇਜ ਦੇ ਨਾਕਸ ਪ੍ਰਬੰਧ ਬਾਰੇ ਮੂੰਹ ਚਿੜਾ ਰਿਹਾ ਹੈ | ਵਿਕਾਸ ਨਗਰ ਵਾਲਿਆਂ ਅਨੁਸਾਰ ਉਹਨਾਂ ਦੇ ਵਾਰਡ ਦੇ ਐਮ.ਸੀ ਦੀ ਤਰ੍ਹਾਂ ਜਾਪਦਾ ਹੈ ਕਿ ਸ਼ਹਿਰ ਦੇ ਸਾਰੇ ਐਮ.ਸੀ ਹੀ ਖ਼ਮੋਸ਼ ਹਨ | ਮੁਹੱਲਿਆਂ ਦੇ ਵਾਸੀ ਨਿਰਾਸ਼ਾ ਦੇ ਆਲਮ 'ਚ ਹਨ | ਸੀਵਰੇਜ ਦੇ ਗੰਦੇ ਪਾਣੀ ਤੋਂ ਪੀੜਤ ਮੁਹੱਲਿਆਂ ਦਾ ਜਿਵੇਂ ਕੋਈ ਵਾਲੀ ਵਾਰਸ ਹੀ ਨਹੀਂ | ਲੋਕ ਪਛਤਾ ਰਹੇ ਨੇ ਆਪਣੇ ਮੁਹੱਲਿਆਂ ਦੇ ਅਵਾਜ਼ ਨਾ ਚੁੱਕਣ ਵਾਲੇ ਉਮੀਦਵਾਰ ਜਿਤਾ ਕੇ | ਇਸ ਮੌਕੇ ਜਸਵੰਤ ਸਿੰਘ ਭੱਟੀ ਪ੍ਰਧਾਨ ਵਾਤਾਵਰਣ ਸੰਭਾਲ ਸੋਸਾਇਟੀ ਨਵਾਂਸ਼ਹਿਰ, ਸਰਦਾਰ ਹਰਭਜਨ ਸਿੰਘ ਵਿਕਾਸ ਨਗਰ, ਕਸ਼ਮੀਰ ਸਿੰਘ ਵਿਕਾਸ ਨਗਰ, ਹਰੀ ਕਿਸ਼ਨ ਸਿੰਘ ਪਟਵਾਰੀ, ਸਰਦਾਰ ਜਗਜੀਤ ਸਿੰਘ ਬੈਂਕ ਵਾਲੇ ਆਦਿ ਵੀ ਹਾਜ਼ਰ ਸਨ |