ਸਮੁੰਦੜਾ, 15 ਜੁਲਾਈ (ਤੀਰਥ ਸਿੰਘ ਰੱਕੜ)-ਸਮੁੰਦੜਾ ਨੇੜਲੇ ਕਈ ਪਿੰਡਾਂ 'ਚ ਕਿਸਾਨਾਂ ਵਲੋਂ ਲਾਏ ਗਏ ਅਗੇਤੇ ਝੋਨੇ ਦੀ ਫ਼ਸਲ 'ਤੇ ਬੌਣੇ ਰੋਗ ਦਾ ਹਮਲਾ ਹੋਇਆ ਵੇਖਣ ਨੂੰ ਮਿਲ ਰਿਹਾ ਹੈ | ਜਿਸ ਕਰਕੇ ਕਿਸਾਨਾਂ ਵਲੋਂ ਲਾਏ ਗਏ ਝੋਨੇ ਦੇ ਪੌਦਿਆਂ ਦਾ ਫੁਟਾਰਾ ਨਹੀਂ ਹੋ ਰਿਹਾ ਅਤੇ ਪੌਦੇ ਛੋਟੇ ਰਹਿ ਰਹੇ ਹਨ | ਇਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ | ਇਸ ਸੰਬੰਧੀ ਖੇਤੀਬਾੜੀ ਬਲਾਕ ਅਫ਼ਸਰ ਗੜ੍ਹਸ਼ੰਕਰ ਸੁਖਵਿੰਦਰ ਪਾਲ ਵਲੋਂ ਆਪਣੀ ਟੀਮ ਨਾਲ ਪਿੰਡ ਚੱਕ ਗੁਰੂ, ਨਾਜਰਪੁਰ, ਅਲੀਪੁਰ ਆਦਿ ਦਾ ਦੌਰਾ ਕੀਤਾ ਗਿਆ ਅਤੇ ਖੇਤਾਂ ਚੋਂ ਪ੍ਰਭਾਵਿਤ ਬੂਟੇ ਪੁੱਟ ਕੇ ਇਸ ਦੀ ਜਾਂਚ ਕੀਤੀ ਗਈ | ਇਸ ਮੌਕੇ ਉਹਨਾਂ ਕਿਹਾ ਕਿ ਇਹ ਰੋਗ ਖ਼ਾਸ ਕਰਕੇ ਕਿਸਾਨਾਂ ਵਲੋਂ ਅਗੇਤੀ ਲਾਈ ਗਈ ਪੀ.ਆਰ 131 ਕਿਸਮ ਨੂੰ ਹੀ ਜ਼ਿਆਦਾਤਰ ਆ ਰਿਹਾ ਹੈ ਅਤੇ ਬਾਕੀ ਕਿਸਮਾਂ ਇਸ ਦੇ ਪ੍ਰਭਾਵ 'ਚ ਨਹੀਂ ਆਈਆਂ ਹਨ | ਉਹਨਾਂ ਕਿਹਾ ਕਿ ਇਸ ਰੋਗ ਦਾ ਹੱਲ ਝੋਨੇ ਦੀ ਪਨੀਰੀ ਨੂੰ ਖੇਤਾਂ 'ਚ ਲਾਉਣ ਤੋਂ ਪਹਿਲਾਂ ਹੀ ਕੀਤਾ ਜਾ ਸਕਦਾ ਹੈ | ਉਹਨਾਂ ਕਿਸਾਨਾਂ ਨੂੰ ਕਿਹਾ ਕਿ ਪ੍ਰਭਾਵਿਤ ਖੇਤਾਂ ਦਾ ਪਾਣੀ ਬੰਦ ਕਰ ਦਿੱਤਾ ਜਾਵੇ ਤਾਂ ਕਿ ਅੱਗੇ ਬਿਮਾਰੀ ਨਾ ਫੈਲ ਸਕੇ ਤੇ ਇਹਨਾਂ ਖੇਤਾਂ ਨੂੰ ਹਫ਼ਤੇ ਬਾਅਦ ਹੀ ਪਾਣੀ ਲਗਾਇਆ ਜਾਵੇ | ਇਸ ਮੌਕੇ ਅਗਾਂਹਵਧੂ ਕਿਸਾਨ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਥੇਦਾਰ ਬੂਟਾ ਸਿੰਘ ਅਲੀਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਪੀ.ਆਰ 131 ਦੇ 12 ਖੇਤ ਝੋਨਾ ਲਾਇਆ ਹੈ, ਜਿਹੜਾ ਕਿ ਇਸ ਵਾਇਰਸ ਦੇ ਪ੍ਰਭਾਵ ਅਧੀਨ ਸਪਸ਼ਟ ਦੇਖਿਆ ਜਾ ਸਕਦਾ ਹੈ | ਉਹਨਾਂ ਕਿਹਾ ਕਿ ਵਿਭਾਗ ਦੇ ਖੇਤੀਬਾੜੀ ਮਾਹਿਰਾਂ ਵਲੋਂ ਪੀ.ਆਰ 131 ਕਿਸਮ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ, ਪਰ ਲੱਗਦਾ ਹੈ ਕਿ ਸਬੰਧਿਤ ਵਿਭਾਗ ਵਲੋਂ ਪਿਛਲੇ ਸਾਲਾਂ ਦੌਰਾਨ ਆਈ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਲੱਭਿਆ ਗਿਆ | ਪਿੰਡ ਚੱਕ ਗੁਰੂ ਦੇ ਕਿਸਾਨ ਸਿਮਰਪ੍ਰੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਇਸੇ ਕਿਸਮ ਦੇ 10 ਖੇਤ ਝੋਨੇ ਦੇ ਲਗਾਏ ਗਏ ਹਨ, ਜਿਹੜੇ ਕਿ ਇਸ ਰੋਗ ਤੋਂ ਪ੍ਰਭਾਵਿਤ ਹੋਣ ਕਰਕੇ ਖੇਤ ਵਿੱਚ ਕਾਫ਼ੀ ਪੌਦੇ ਮਧਰੇ ਰਹਿ ਰਹੇ ਹਨ | ਜਦ ਕਿ ਬਾਕੀ ਕਿਸਮਾਂ ਦਾ ਲਾਇਆ ਗਿਆ ਝੋਨਾ ਬਿਲਕੁਲ ਠੀਕ ਠਾਕ ਹੈ | ਇਸ ਮੌਕੇ ਬਹਾਦਰ ਸਿੰਘ ਭਾਰਾਪੁਰ ਖੇਤੀਬਾੜੀ ਸਬ-ਇੰਸਪੈਕਟਰ ਗੜ੍ਹਸ਼ੰਕਰ, ਬਲਰਾਜ ਸਿੰਘ ਸਹਾਇਕ ਤਕਨੀਕੀ ਮੈਨੇਜਰ, ਮਨਪ੍ਰੀਤ ਸਿੰਘ ਸਬ-ਇੰਸਪੈਕਟਰ ਖੇਤੀਬਾੜੀ, ਕਿਸਾਨ ਬਹਾਦਰ ਸਿੰਘ, ਮੱਖਣ ਸਿੰਘ, ਹਰਮਨਜੋਤ ਸਿੰਘ ਆਦਿ ਵੀ ਹਾਜ਼ਰ ਸਨ |
ਝੋਨੇ ਦੀ ਫ਼ਸਲ 'ਤੇ ਬੌਣੇ ਰੋਗ ਦਾ ਹੋਇਆ ਹਮਲਾ <br/>
ਪਿੰਡ ਚੱਕ ਗੁਰੂ ਵਿਖੇ ਬੌਣੇ ਰੋਗ ਤੋਂ ਪ੍ਰਭਾਵਿਤ ਝੋਨੇ ਦੀ ਪੀ.ਆਰ 131 ਕਿਸਮ ਦੇ ਪੌਦਿਆਂ ਦਾ ਨਿਰੀਖਣ ਕਰਦੇ ਹੋਏ ਸੁਖਵਿੰਦਰ ਪਾਲ ਬਲਾਕ ਖੇਤੀਬਾੜੀ ਅਫ਼ਸਰ ਗੜ੍ਹਸ਼ੰਕਰ, ਬਹਾਦਰ ਸਿੰਘ ਸਬ-ਇੰਸਪੈਕਟਰ ਸਮੇਤ ਹੋਰ ਕਰਮਚਾਰੀ ਅਤੇ ਪਿੰਡ ਦੇ ਕਿਸਾਨ | ਤਸਵੀਰ : ਤੀਰਥ ਸਿੰਘ ਰੱਕੜ<br/>
16-07-2025