ਨਵਾਂਸ਼ਹਿਰ, 15 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਜੰਗਲਾਤ ਵਰਕਰ ਯੂਨੀਅਨ ਪੰਜਾਬ ਰੇਂਜ ਨਵਾਂਸ਼ਹਿਰ ਨੇ ਵਣ ਰੇਂਜ ਦਫ਼ਤਰ ਅੱਗੇ ਆਪਣੀਆਂ ਹੱਕੀ ਮੰਗਾਂ ਸੰਬੰਧੀ ਰੋਸ ਧਰਨਾ ਦਿੱਤਾ | ਇਹ ਰੋਸ ਧਰਨਾ ਪਰਮਿੰਦਰ ਸੰਧੂ ਨਵਾਂਸ਼ਹਿਰ ਰੇਂਜ ਪ੍ਰਧਾਨ, ਹਰਮੇਸ਼ ਲਾਲ ਜਨਰਲ ਸਕੱਤਰ, ਸ਼ਮਸ਼ੇਰ ਸਿੰਘ ਕੈਸ਼ੀਅਰ, ਕਸ਼ਮੀਰ ਲਾਲ ਮੁੱਖ ਸਲਾਹਕਾਰ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ 'ਚ ਕੰਮ ਕਰਦੇ ਵਰਕਰ ਜਿਨ੍ਹਾਂ ਦੇ ਪੰਜਾਬ ਸਰਕਾਰ ਦੀ ਪਾਲਿਸੀ ਅਨੁਸਾਰ ਮੈਡੀਕਲ ਅਤੇ ਪੁਲਿਸ ਇੰਕੁਆਇਰੀ ਹੋ ਚੁੱਕੀ ਹੈ | ਉਨ੍ਹਾਂ ਵਰਕਰਾਂ ਨੂੰ ਵਿਭਾਗ ਵਲੋਂ ਅਜੇ ਤੱਕ ਕੋਈ ਆਰਡਰ ਜਾਰੀ ਨਹੀਂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਕੁਝ ਵਰਕਰਾਂ ਦੇ ਵਿਭਾਗ ਵਲੋਂ ਸਪੀਕਰ ਆਰਡਰ ਵੀ ਜਾਰੀ ਕੀਤੇ ਗਏ ਸੀ | ਪਰ ਉਨ੍ਹਾਂ ਵਰਕਰਾਂ ਨੂੰ ਪੱਕਿਆਂ ਨਹੀਂ ਕੀਤਾ ਗਿਆ, ਜਿਸ ਕਾਰਨ ਵਰਕਰਾਂ ਦੇ ਅੰਦਰ ਭਾਰੀ ਰੋਸ ਹੈ | ਇਸ ਸੰਬੰਧੀ ਜਥੇਬੰਦੀ ਵਲੋਂ ਮਜ਼ਬੂਰ ਹੋ ਕੇ ਧਰਨਾ ਦਿੱਤਾ ਗਿਆ ਹੈ |