ਬਲਾਚੌਰ, 15 ਜੁਲਾਈ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)- ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਤਹਿਸੀਲ ਬਲਾਚੌਰ ਦੀ ਮੀਟਿੰਗ ਸਾਥੀ ਚੰਨਣ ਸਿੰਘ ਮੰਢਿਆਣੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ 'ਤੇ ਚਾਨਣਾ ਪਾਉਂਦਿਆਂ ਸਾਥੀ ਕਰਨ ਸਿੰਘ ਰਾਣਾ ਸੂਬਾਈ ਜਨਰਲ ਸਕੱਤਰ ਨੇ ਦੱਸਿਆ ਕਿ ਲੈਂਡ ਪੂਲਿੰਗ ਸਕੀਮ ਲਾਗੂ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਨਾਲ ਕਿਸੇ ਵੀ ਤਰ੍ਹਾ ਦਾ ਸਲਾਹ ਮਸ਼ਵਰਾ ਤੱਕ ਨਹੀਂ ਕੀਤਾ, ਜਿਸ ਦੇ ਮੱਦੇਨਜ਼ਰ ਸਮੁੱਚਾ ਪੇਂਡੂ ਭਾਈਚਾਰਾ ਲੈਂਡ ਪੋਲਿੰਗ ਸਕੀਮ ਦੇ ਵਿਰੁੱਧ ਹੋ ਗਿਆ | ਉਹਨਾਂ ਕਿਹਾ ਕਿ ਜੇ ਇਸ ਪਿੰਡ ਵਿਰੋਧੀ ਸਕੀਮ ਨੂੰ ਸਰਕਾਰ ਨੇ ਵਾਪਸ ਨਾ ਲਿਆ ਤਾਂ ਪੀੜਤ ਲੋਕ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਗੇ | ਸਾਥੀ ਰਾਣਾ ਨੇ ਅੱਗੇ ਦੱਸਿਆ ਕਿ ਮੀਟਿੰਗ ਨੇ ਬਿਜਲੀ ਸੋਧ ਐਕਟ 2025 ਦਾ ਵਿਰੋਧ ਕੀਤਾ ਹੈ | ਉਹਨਾਂ ਕਿਹਾ ਕਿ ਮੀਟਿੰਗ ਵਿੱਚ ਆਗੂਆਂ ਨੇ ਮਹਿਸੂਸ ਕੀਤਾ ਕਿ ਪ੍ਰੀਪੇਡ ਮੀਟਰ ਲਾਉਣ ਨਾਲ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ 'ਤੇ ਭਾਰੀ ਆਰਥਿਕ ਬੋਝ ਪਵੇਗਾ | ਉਹਨਾਂ ਕਿਹਾ ਕਿ ਇਤਿਹਾਸਕ ਕਿਸਾਨ ਅੰਦੋਲਨ ਦੀ ਜਿੱਤ ਵੇਲੇ ਕੇਂਦਰ ਸਰਕਾਰ ਨੇ ਇਹ ਭਰੋਸਾ ਦਿੱਤਾ ਸੀ ਕਿ ਬਿਜਲੀ ਸੋਧ ਐਕਟ ਕਿਸਾਨਾਂ ਮਜ਼ਦੂਰਾਂ ਦੀ ਸਲਾਹ ਤੋਂ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ | ਉਹਨਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਲੋਕ ਵਿਰੋਧੀ ਸੋਧ ਬਿੱਲ ਨੂੰ ਪਾਸ ਕੀਤਾ ਤਾਂ ਦੇਸ਼ ਦੇ ਲੋਕ ਇਸ ਦਾ ਜ਼ੋਰਦਾਰ ਵਿਰੋਧ ਕਰਨਗੇ | ਮੀਟਿੰਗ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਸਿਰ ਚੜੇ੍ਹ ਕਰਜ਼ੇ ਨੂੰ ਸਰਕਾਰਾਂ ਮੁਆਫ਼ ਕਰਨ | ਇਸ ਮੌਕੇ ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ, ਕਰਨੈਲ ਸਿੰਘ ਭੱਲਾ, ਮਨੋਹਰ ਲਾਲ, ਜੋਗਿੰਦਰ ਪਾਲ ਅਤੇ ਹਰਦੇਵ ਸਿੰਘ ਰਾਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |