20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਰੇਤ ਮਾਫੀਏ ਖ਼ਿਲਾਫ਼ ਪੇਂਡੂ ਮਜ਼ਦੂਰ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਅਜੀਤ ਡੈਸਕ 27-12-2025
ਜਗਰਾਉਂ, 26 ਦਸੰਬਰ (ਗੁਰਦੀਪ ਸਿੰਘ ਮਲਕ)-ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਇਕ ਵਫ਼ਦ ਨੇ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਆਏ ਕਿਸਾਨਾਂ ਅਤੇ ਮਜ਼ਦੂਰਾਂ ਨੇ ਜਗਰਾਉਂ ਦੇ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਨੂੰ ਮਿਲ ਕੇ ਮੰਗ ਕੀਤੀ ਕੀਤੀ ਕਿ ਪਿੰਡ ਮੱਧੇਪੁਰ ਦੇ ਗਰੀਬ ਕਿਸਾਨ ਚਰਨਜੀਤ ਸਿੰਘ ਦੀ 5 ਏਕੜ ਪੈਲੀ 'ਚੋਂ ਰੇਤ ਮਾਫੀਆ ਵਲੋਂ ਧੱਕੇ ਨਾਲ ਰਾਤ-ਦਿਨ ਰੇਤ ਚੋਰੀ ਕਰਕੇ ਵੇਚੀ ਜਾ ਰਹੀ ਹੈ | ਮਾਈਨਿੰਗ ਡਿਪਾਰਟਮੈਂਟ ਅਤੇ ਪੁਲਿਸ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਰੇਤ ਮਾਫੀਆ ਜਿਸ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ, ਦੇ ਵਿਰੁੱਧ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ | ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਤਲੁਜ ਬੰਨ੍ਹ ਦੇ ਅੰਦਰ ਪੈਂਦੀ ਜ਼ਮੀਨ ਜਿੱਥੇ ਗਰੀਬ ਕਿਸਾਨ ਚਰਨਜੀਤ ਖੇਤੀ ਕਰਦਾ ਸੀ, ਪੰਜ ਏਕੜ ਜ਼ਮੀਨ ਦੀਆਂ ਗਿਰਦਾਵਰੀਆਂ ਪੀੜਤ ਕਿਸਾਨ ਚਰਨਜੀਤ ਦੇ ਨਾਂਅ ਹਨ | ਪਿਛਲੇ ਦਿਨੀਂ ਆਏ ਹੜ੍ਹ ਕਾਰਨ ਉਸ ਦੇ ਖੇਤਾਂ ਵਿਚ ਰੇਤ ਪੈਣ ਕਾਰਨ ਜ਼ਮੀਨ ਵਾਹੀ ਯੋਗ ਨਹੀਂ ਰਹੀ, ਹੁਣ ਉਸ ਦਾ ਪਰਿਵਾਰ ਦਿਹਾੜੀ ਕਰਕੇ ਆਪਣੀ ਜੀਵਕਾ ਚਲਾ ਰਿਹਾ ਹੈ | ਤਰਸੇਮ ਪੀਟਰ ਨੇ ਕਿਹਾ ਕਿ ਸੱਤ੍ਹਾਧਾਰੀ ਪਾਰਟੀ ਦੀ ਸ਼ਹਿ 'ਤੇ ਸਤਲੁਜ ਦੇ ਦੋਨਾਂ ਕੰਡਿਆਂ 'ਤੇ ਪਿਛਲੇ ਕਈ ਦਿਨਾਂ ਤੋਂ ਰੇਤ ਮਾਫੀਆ ਕਰੋੜਾਂ ਰੁਪਏ ਦੀ ਮਾਈਨਿੰਗ ਕਰਕੇ ਆਪਣੀਆਂ ਜੇਬ੍ਹਾਂ ਭਰ ਰਿਹਾ ਹੈ | ਹੁਣ ਉਸ ਦੀ ਅੱਖ ਗਰੀਬ ਕਿਸਾਨਾਂ ਦੀ ਜ਼ਮੀਨ 'ਤੇ ਹੈ | ਇਨ੍ਹਾਂ ਗਰੀਬ ਕਿਸਾਨਾਂ ਕੋਲ ਆਪਣੇ ਨਿੱਜੀ ਸਾਧਨਾਂ ਨਾ ਹੋਣ ਅਤੇ ਆਰਥਿਕ ਤੰਗੀ ਕਾਰਨ ਸਰਕਾਰ ਦੇ ਹੁਕਮਾਂ ਜਿਸ ਦਾ ਖੇਤ ਉਸ ਦੀ ਰੇਤ ਦੇ ਕੀਤੇ ਐਲਾਨ ਦਾ ਫਾਇਦਾ ਨਹੀਂ ਲੈ ਸਕੇ | ਰੇਤ ਮਾਫੀਆ ਨੇ ਕਿਸਾਨਾਂ ਦੇ ਅੱਖਾਂ ਵਿਚ ਘੱਟਾ ਪਾਉਣ ਲਈ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਬਣਾ ਕੇ ਆਪਣੀ ਚੋਰੀ ਦੀ ਦੁਕਾਨ ਚਲਾ ਰੱਖੀ ਹੈ ਅਤੇ ਵੱਡੇ ਵਾਹਨਾਂ ਰਾਹੀਂ ਰੇਤ ਚੋਰੀ ਕੀਤੀ ਜਾ ਰਹੀ | ਇਸ ਦਾ ਸਭ ਤੋਂ ਵੱਧ ਖਮਿਆਜ਼ਾ ਲੁਧਿਆਣਾ ਅਤੇ ਜਲੰਧਰ ਦੇ ਉਨ੍ਹਾਂ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਜਿਹੜੇ ਦਰਿਆ ਦੇ ਕੰਡੇ ਵਸੇ ਹੋਏ ਹਨ | ਮਾਈਨਿੰਗ ਕਾਰਨ ਜਗਰਾਉਂ-ਨਕੋਦਰ ਰੋਡ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ | ਕਈ-ਕਈ ਫੁੱਟ ਸੜਕ 'ਤੇ ਟੋਏ ਪੈਣ ਕਾਰਨ ਆਏ ਦਿਨ ਇਸ ਸੜਕ 'ਤੇ ਹਾਦਸੇ ਵਾਪਰ ਰਹੇ ਹਨ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਧੱਕੇ ਨਾਲ ਕੀਤੀ ਜਾ ਰਹੀ ਮਾਈਨਿੰਗ ਲਈ ਜਿੰਮੇਵਾਰ ਪ੍ਰਸ਼ਾਸਨ ਤੇ ਰੇਤ ਮਾਫੀਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਸਰਪੰਚ ਜਗਜੀਤ ਸਿੰਘ ਬੜਿੰਗ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਅਨੁਵਰਤ ਕਮੇਟੀ ਜਗਰਾਉਂ ਵਲੋਂ ਪ੍ਰਤਿਭਾ ਪੁਰਸਕਾਰ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।