ਹੰਬੜਾਂ, 19 ਨਵੰਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ ਦੇ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਸ਼ਹੀਦੀ ਦਿਹਾੜਾ ਮਨਾਏ ਜਾਣ ਸਮੇਂ ਧਾਰਮਿਕ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਦੇ ਸਰਪ੍ਰਸਤ ਤੇਜਾ ਸਿੰਘ ਗਿੱਲ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਰਣਜੀਤ ਸਿੰਘ ਵਿਰਕ ਤੇ ਸਮੂਹ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹੀਦੀ ਸਮਾਗਮ ਸਮੇਂ ਜਿੱਥੇ 23 ਨਵੰਬਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਉੱਥੇ ਵੱਖ-ਵੱਖ ਕਥਾਵਾਚਕ ਸੰਗਤਾਂ ਨੂੰ ਸਿੱਖੀ ਇਤਿਹਾਸ ਨਾਲ ਜੋੜਨਗੇ | ਸਰਪ੍ਰਸਤ ਗਿੱਲ ਨੇ ਦੱਸਿਆ ਕਿ ਧਾਰਮਿਕ ਸਮਾਗਮਾਂ ਸਮੇਂ ਜਿੱਥੇ ਵੱਖ-ਵੱਖ ਕੀਰਤਨੀ ਜਥੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ, ਉੱਥੇ 25 ਨਵੰਬਰ ਨੂੰ 350ਵਾਂ ਸ਼ਹੀਦੀ ਧਾਰਮਿਕ ਸਮਾਗਮ ਮਨਾਏ ਜਾਣ ਸਮੇਂ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰੀ ਭਰਨਗੀਆਂ ਤੇ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਕੀਰਤਨੀ ਜਥੇ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਜਾਣੂ ਕਰਵਾਉਣਗੇ ਤੇ ਸਮਾਗਮ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ |