ਚੌਂਕੀਮਾਨ, 7 ਨਵੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਪੰਜਾਬੀ ਫ਼ਿਲਮ 'ਇਕ ਤੇਰੇ ਕਰਕੇ' ਦੀ ਟੀਮ ਵਲੋਂ ਫ਼ਿਲਮ ਦੀ ਪ੍ਰਮੋਸ਼ਨ ਲਈ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਫ਼ਿਲਮ ਵਿਚ ਮਸ਼ਹੂਰ ਗਾਇਕ ਅਤੇ ਅਦਾਕਾਰ ਪ੍ਰਭ ਗਿੱਲ, ਅਦਾਕਾਰਾ ਕਮਲ ਖੰਗੂੜਾ ਅਤੇ ਅਦਾਕਾਰ ਜਸਕਰਨ ਗਰੇਵਾਲ ਵਿਖਾਈ ਦੇਣਗੇ | ਕਾਲਜ ਪਹੁੰਚੀ ਟੀਮ ਵਿਚ ਅਦਾਕਾਰ ਜਸਕਰਨ ਗਰੇਵਾਲ, ਸੀਨੀਅਰ ਅਦਾਕਾਰ ਸੁਖਦੇਵ ਸਿੰਘ ਬਰਨਾਲਾ, ਅਦਾਕਾਰਾ ਪ੍ਰਭਪ੍ਰੀਤ ਕੌਰ, ਕਮਲਪ੍ਰੀਤ ਕੌਰ, ਬੇਅੰਤ ਸ਼ਰਮਾ, ਫ਼ਿਲਮ ਪ੍ਰਡਿਊਸਰ ਗੁਰਪ੍ਰੀਤ ਸਿੰਘ ਲਾਡੀ ਵਿਦਿਆਰਥਣਾਂ ਦੇ ਰੂਬ-ਰੂ ਹੋਏ | ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਸਮੂਹ ਟੀਮ ਨੂੰ ਫੁੱਲਾਂ ਦੇ ਬੂਟੇ ਭੇਟ ਕਰਦਿਆਂ ਨਿੱਘੀ ਜੀ ਆਇਆ ਕਿਹਾ | ਅਦਾਕਾਰ ਜਸਕਰਨ ਗਰੇਵਾਲ ਅਤੇ ਸੁਖਦੇਵ ਸਿੰਘ ਬਰਨਾਲਾ ਨੇ ਆਪਣੇ ਪਰਿਵਾਰਕ ਪਿਛੋਕੜ ਅਤੇ ਜੀਵਨ ਦੇ ਸੰਘਰਸ਼ਮਈ ਰਾਹ ਨੂੰ ਦਰਪੇਸ਼ ਕਰਦਿਆਂ ਵਿਦਿਆਰਥਣਾਂ ਨੂੰ ਜੀਵਨ ਦੇ ਸਹੀ ਟੀਚੇ ਨਿਯਤ ਕਰਨ, ਮੁਕਾਮ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ | ਵਿਦਿਆਰਥਣਾਂ ਨੂੰ ਫ਼ਿਲਮ ਦਾ ਟਰੇਲਰ ਵਿਖਾਇਆ ਗਿਆ ਅਤੇ ਫ਼ਿਲਮ ਦੇ ਅਦਾਕਾਰਾਂ ਦੁਆਰਾ ਇਸ ਪਰਿਵਾਰਿਕ ਫ਼ਿਲਮ ਨੂੰ ਵੇਖਣ ਬਾਰੇ ਕਿਹਾ ਗਿਆ | ਸਮੂਹ ਵਿਦਿਆਰਥਣਾਂ ਵਲੋਂ ਟੀਮ ਨੂੰ ਭਰਵਾਂ ਹੰਗਾਰਾ ਦਿੱਤਾ ਗਿਆ | ਸੰਸਥਾ ਵਲੋਂ ਫ਼ਿਲਮ ਦੀ ਪੂਰੀ ਟੀਮ ਨੂੰ ਸਨਮਾਨ ਚਿੰਨ੍ਹ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ |