27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸ਼ਹੀਦ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ

ਅਜੀਤ ਡੈਸਕ 08-11-2025
ਪੱਖੋਵਾਲ/ਸਰਾਭਾ, 7 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ 'ਚ ਚੱਲ ਰਹੇ ਐੱਸ.ਕੇ.ਐੱਸ ਚੈਰੀਟੇਬਲ ਮਲਟੀ ਸਪੈਸ਼ਲਿਟੀ ਹਸਪਤਾਲ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 110ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਚੇਅਰਮੈਨ ਜਤਿੰਦਰ ਸਿੰਘ ਗਰੇਵਾਲ ਨੇ ਫੀਤਾ ਕੱਟ ਕੇ ਕੀਤਾ | ਇਸ ਮੌਕੇ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਲੋਕਾਂ ਲਈ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਪਰ-ਉਪਕਾਰ ਦਾ ਕੰਮ ਹੈ, ਇਸ ਨਾਲ ਜਿੱਥੇ ਗਰੀਬ ਲੋੜਵੰਦ ਲੋਕਾਂ ਦਾ ਇਲਾਜ ਵਧੀਆ ਤੇ ਤਜਰਬੇਕਾਰ ਡਾਕਟਰਾਂ ਦੁਆਰਾ ਕੀਤਾ ਜਾਂਦਾ ਹੈ, ਉੱਥੇ ਹੀ ਕਈ ਵਾਰ ਗੰਭੀਰ ਬਿਮਾਰੀਆਂ ਦਾ ਪਤਾ ਪਹਿਲੀ ਸਟੇਜ਼ 'ਚ ਲੱਗਣ ਨਾਲ ਕਈ ਕੀਮਤੀ ਜਾਨਾਂ ਬਚ ਜਾਂਦੀਆਂ ਹਨ | ਇਸ ਮੌਕੇ ਡਾ: ਗੁਰਮੀਤ ਸਿੰਘ ਮੁੱਖ ਮੈਡੀਕਲ ਅਫ਼ਸਰ, ਡਾ: ਮੋਨਿਕਾ ਧਵਨ ਮੈਡੀਕਲ ਸਰਜਨ, ਡਾ: ਸ਼ਾਲਿਨੀ ਮੱਕੜ ਔਰਤਾਂ ਦੇ ਰੋਗਾਂ ਦੇ ਮਾਹਿਰ, ਡਾ: ਜੀ.ਐੱਸ. ਬਾਜਵਾ ਅੱਖਾਂ ਦਾ ਮਾਹਿਰ ਡਾਕਟਰਾਂ ਵਲੋਂ 256 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਕੈਂਪ ਦੌਰਾਨ ਜਰਨਲ ਸਰਜਰੀ ਲਈ ਅਪੈਂਡੈਕਸ, ਪਿੱਤੇ ਦੀ ਪੱਥਰੀ, ਹਰਨੀਆਂ, ਬੱਚੇਦਾਨੀ ਦੇ ਆਪ੍ਰੇਸ਼ਨ ਆਦਿ ਲਈ ਮਰੀਜ਼ਾਂ ਦੀ ਚੋਣ ਕਰਕੇ ਇਲਾਜ 'ਚ 50 ਪ੍ਰਤੀਸ਼ਤ ਦੀ ਛੋਟ ਦਿੱਤੀ ਗਈ, ਜਦਕਿ 106 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕਰਕੇ ਮੁਫ਼ਤ ਅਪ੍ਰੇਸ਼ਨ ਲਈ ਤਰੀਕਾਂ ਨਿਰਧਾਰਿਤ ਕੀਤੀਆਂ ਗਈਆਂ | ਅੱਖਾਂ ਦੇ ਆਪ੍ਰੇਸ਼ਨ ਦਾ ਪੂਰਾ ਖ਼ਰਚਾ ਉੱਪ ਚੇਅਰਮੈਨ ਅਵਤਾਰ ਸਿੰਘ ਦੇ ਪਰਿਵਾਰ ਵਲੋਂ ਕੀਤਾ ਜਾਵੇਗਾ | ਕੈਂਪ ਦੌਰਾਨ 150 ਲੈਬ ਟੈਸਟਾਂ, 30 ਅਲਟ੍ਰਾਂਸਾਊਡ ਟੈਸਟ, 10 ਐਕਸ-ਰੇ, 20 ਈ.ਸੀ.ਜੀ, 5 ਸੀ.ਟੀ. ਸਕੈਨ ਟੈਸਟਾਂ 'ਚ ਵੀ 50 ਪ੍ਰਤੀਸ਼ਤ ਛੋਟ ਦੇ ਨਾਲ-ਨਾਲ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਡਾ: ਬਾਤਿਸ਼ ਨੇ ਦੱਸਿਆ ਕਿ ਮਿਤੀ 13 ਨਵੰਬਰ ਨੂੰ ਇਸ ਹਸਪਤਾਲ 'ਚ ਵਰਲਡ ਕੈਂਸਰ ਕੇਅਰ ਸੰਸਥਾ ਦੁਆਰਾ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ | ਇਸ ਮੌਕੇ ਉੱਪ ਚੇਅਰਮੈਨ ਅਵਤਾਰ ਸਿੰਘ, ਐਕਟਿੰਗ ਚੇਅਰਪਰਸਨ ਪਰਮਜੀਤ ਕੌਰ, ਜਸਵਿੰਦਰ ਸਿੰਘ ਰਾਣਾ, ਸਾਧੂ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ, ਰਾਜਵੀਰ ਸਿੰਘ ਗਰੇਵਾਲ, ਪਵਿੱਤਰ ਸਿੰਘ, ਸੁਖਵੰਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਪੰਜਾਬੀ ਫ਼ਿਲਮ 'ਇਕ ਤੇਰੇ ਕਰਕੇ' ਦੀ ਪ੍ਰਮੋਸ਼ਨ ਟੀਮ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਵਿਜ਼ਡਮ ਇੰਟਰਨੈਸ਼ਨਲ ਸਕੂਲ ਵਿਖੇ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।