ਜਗਰਾਉਂ, 6 ਨਵੰਬਰ (ਵਿਨੋਦ ਕੁਮਾਰ)-69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਨੈੱਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ 'ਚ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀ ਪੰਕਜ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤਿਆ | ਇਸ ਰਾਜ ਪੱਧਰੀ ਨੈੱਟਬਾਲ ਮੁਕਾਬਲਿਆਂ 'ਚ 17 ਜ਼ਿਲਿ੍ਹਆਂ ਦੀਆਂ ਟੀਮਾਂ ਨੇ ਭਾਗ ਲਿਆ | ਇੰਨ੍ਹਾਂ ਮੁਕਾਬਲਿਆਂ 'ਚ ਸਨਮਤੀ ਸਕੂਲ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਪੰਕਜ ਨੇ ਲੁਧਿਆਣਾ ਜ਼ਿਲ੍ਹੇ ਦੀ ਟੀਮ ਵਲੋਂ ਖੇਡਦਿਆਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਦੀ ਟੀਮ ਦੂਸਰੇ ਸਥਾਨ 'ਤੇ ਰਹੀ | ਸਕੂਲ ਪਹੁੰਚਣ 'ਤੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ ਨੇ ਵਿਦਿਆਰਥੀ ਪੰਕਜ ਦਾ ਸਨਮਾਨ ਕਰਦਿਆਂ ਵਿਦਿਆਰਥੀ, ਉਸਦੇ-ਮਾਤਾ-ਪਿਤਾ ਅਤੇ ਡੀ.ਪੀ. ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਨਮਤੀ ਸਕੂਲ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਰਾਜ ਪੱਧਰ 'ਤੇ ਮੱਲਾਂ ਮਾਰ ਰਿਹਾ ਹੈ | ਇਸ ਮੌਕੇ ਪ੍ਰਧਾਨ ਰਮੇਸ਼ ਜੈਨ, ਸੈਕਟਰੀ ਮਹਾਂਵੀਰ ਜੈਨ ਨੇ ਕਿਹਾ ਕਿ ਰਾਜ ਪੱਧਰੀ ਖੇਡਾਂ 'ਚ ਪੁਜੀਸ਼ਨਾਂ ਹਾਸਲ ਕਰਨਾ ਸਕੂਲ ਲਈ ਮਾਣ ਵਾਲੀ ਗੱਲ ਹੈ, ਉਨ੍ਹਾਂ ਇਸ ਲਈ ਪਿ੍ੰਸੀਪਲ, ਸਟਾਫ਼ ਤੇ ਵਿਦਿਆਰਥੀ ਨੂੰ ਵਧਾਈ ਦਿੱਤੀ | ਇਸ ਮੌਕੇ ਡੀ.ਪੀ. ਅਧਿਆਪਕ ਕੁਲਵਿੰਦਰ ਕੌਰ, ਇੰਦਰਜੀਤ ਸਿੰਘ, ਬਬੀਤਾ ਕੁਮਾਰੀ ਆਦਿ ਹਾਜ਼ਰ ਸਨ |