ਰਾਏਕੋਟ, 17 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਨਜ਼ਦੀਕੀ ਪਿੰਡ ਆਂਡਲੂ ਵਿਖੇ ਪਿਛਲੇ 10-12 ਦਿਨਾਂ ਤੋਂ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਹੈ, ਜੋ ਨਿੱਤ ਨਵੀਂ ਰਾਤ ਵੱਖ-ਵੱਖ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆ ਬਿਜਲੀ ਵਾਲੇ ਟਰਾਂਸਫਾਰਮਰ ਚੋਰੀ ਕਰ ਰਹੇ ਹਨ | ਇਸ ਮੌਕੇ ਚੋਰਾਂ ਵਲੋਂ ਭੰਨਤੋੜ ਕੀਤੇ ਗਏ ਟਰਾਂਸਫਾਰਮਰ ਪੱਤਰਕਾਰਾਂ ਨੂੰ ਦਿਖਾਉਂਦਿਆ ਜਥੇਦਾਰ ਗੁਰਮੇਲ ਸਿੰਘ ਆਂਡਲੂ, ਹਰਵੀਰ ਸਿੰਘ ਦਿਉਲ, ਗੁਰਵਿੰਦਰ ਸਿੰਘ ਤੇ ਜਰਨੈਲ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਰੋਜ਼ਾਨਾ ਟਰਾਂਸਫਾਰਮਰ ਚੋਰੀ ਕਰਕੇ ਕਿਸਾਨਾਂ ਦਾ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਆਂਡਲੂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਦਰਜਨ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਇਸ ਸੰਬੰਧ ਵਿਚ ਪੁਲਿਸ ਥਾਣਾ ਸਦਰ ਰਾਏਕੋਟ ਤੇ ਬਿਜਲੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ |