30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਛਪਾਰ ਵਿਖੇ ਲੱਗਣ ਵਾਲੀਆਂ ਸਿਆਸੀ ਕਾਨਫ਼ਰੰਸਾਂ ਦੇ ਪ੍ਰਬੰਧਕ ਬਰਸਾਤ ਨੇ ਭੰਬਲਭੂਸੇ 'ਚ ਪਾਏ

ਅਜੀਤ ਡੈਸਕ 02-09-2025
ਅਹਿਮਦਗੜ੍ਹ, 1 ਸਤੰਬਰ (ਰਵਿੰਦਰ ਪੁਰੀ)-ਮੇਲਾ ਛਪਾਰ ਨੂੰ ਸਾਲ ਭਰ ਉਡੀਕਦੇ ਲੱਖਾਂ ਸ਼ਰਧਾਲੂਆਂ ਅਤੇ ਮੇਲੇ ਦਾ ਆਨੰਦ ਮਾਣਨ ਆਉਂਦੇ ਪੰਜਾਬ ਦੇ ਲੋਕਾਂ 'ਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਨੇ ਨਿਰਾਸ਼ਾ ਜਿਹਾ ਮਾਹੌਲ ਬਣਾ ਦਿੱਤਾ ਹੈ | ਕੋਰੋਨਾ ਮਹਾਂਮਾਰੀ ਦੌਰਾਨ ਬੰਦ ਹੋਈਆਂ ਸਿਆਸੀ ਕਾਨਫ਼ਰੰਸਾਂ ਦੇ ਅਖਾੜੇ ਇਸ ਵਾਰ ਖੂਬ ਭਰਨ ਦੀ ਉਮੀਦ ਸੀ ਅਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਇੱਥੇ ਵਿਸ਼ਾਲ ਕਾਨਫ਼ਰੰਸਾਂ ਕਰਨ ਦੀਆਂ ਤਿਆਰੀਆਂ ਆਰੰਭ ਕੀਤੀਆਂ ਹੋਈਆਂ ਸਨ, ਪਰ ਪਿਛਲੇ ਕਈ ਦਿਨਾਂ ਤੋਂ ਭਾਰੀ ਬਰਸਾਤ ਕਾਰਨ ਹੜ੍ਹਾਂ ਦੀ ਲਪੇਟ 'ਚ ਆਏ ਅੱਧੇ ਪੰਜਾਬ ਦੇ ਲੋਕਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਸਾਰੀਆਂ ਪਾਰਟੀਆਂ ਇੱਥੇ ਕਾਨਫ਼ਰੰਸਾਂ ਕਰਨ ਪ੍ਰਤੀ ਦੁਚਿੱਤੀ ਵਿੱਚ ਹਨ | ਸ਼੍ਰੋਮਣੀ ਅਕਾਲੀ ਦਲ ਦੀ ਕਾਨਫ਼ਰੰਸ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਅਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਅੱਜ ਦੱਸਿਆ ਕਿ ਅੱਜ 2 ਸਤੰਬਰ ਨੂੰ ਡਾ: ਦਲਜੀਤ ਸਿੰਘ ਚੀਮਾ ਗੁਰਦੁਆਰਾ ਮੰਜੀ ਸਾਹਿਬ ਗੁੱਜਰਵਾਲ ਵਿਖੇ ਸਾਰੇ ਪ੍ਰਬੰਧਕੀ ਵਰਕਰਾਂ ਨਾਲ ਮੀਟਿੰਗ ਕਰਨਗੇ | ਜਿੱਥੇ ਹੀ ਕਾਨਫ਼ਰੰਸ ਕਰਨ ਜਾਂ ਨਾ ਕਰਨ ਬਾਰੇ ਫੈਸਲਾ ਲਿਆ ਜਾਵੇਗਾ | ਦੂਸਰੇ ਪਾਸੇ ਭਾਜਪਾ ਵਲੋਂ 3 ਸਤੰਬਰ ਨੂੰ ਕਾਨਫ਼ਰੰਸ ਵਾਲੀ ਥਾਂ ਮੀਟਿੰਗ ਰੱਖੀ ਗਈ ਹੈ ਜਿੱਥੇ ਪੰਜਾਬ ਭਾਜਪਾ ਦੇ ਇੰਚਾਰਜ ਸ੍ਰੀ ਨਿਵਾਸ਼ਲੂ, ਭਾਜਪਾ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ, ਹਲਕਾ ਅਮਰਗੜ੍ਹ ਦੇ ਇੰਚਾਰਜ ਹੀਰਾ ਸਿੰਘ, ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸੰਨੀ ਕੈਂਥ ਆਦਿ ਵਰਕਰਾਂ ਨਾਲ ਮੀਟਿੰਗ ਬਾਅਦ ਫ਼ੈਸਲਾ ਲੈਣਗੇ | ਇਸੇ ਤਰ੍ਹਾਂ ਕਾਂਗਰਸ ਪਾਰਟੀ ਵਲੋਂ ਵੀ ਪ੍ਰਦੇਸ਼ ਜ: ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਵੀ ਦੱਸਿਆ ਕਿ ਅਸੀਂ ਵੀ ਸੂਬਾ ਆਗੂਆਂ ਨਾਲ ਗੱਲਬਾਤ ਕਰਕੇ ਹੀ ਜਲਦ ਫ਼ੈਸਲਾ ਲਵਾਂਗੇ |
ਪਿਛਲੀ ਖ਼ਬਰ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਮਹੀਨਾਵਾਰ ਨਾਟਕ ਸਮਾਗਮ ਅਗਲੀ ਖ਼ਬਰ ਭਾਰੀ ਮੀਂਹ ਦੀ ਮੁੜ ਦਸਤਕ ਨੇ ਲੋਕਾਂ ਦੀਆਂ ਚਿੰਤਾਵਾਂ ਵਧਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।