ਰਾਏਕੋਟ, 21 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਬਲਾਕ ਦਫ਼ਤਰ ਵਿਚ ਵੱਡੀ ਗਿਣਤੀ 'ਚ ਪੋਸਟਾਂ ਖਾਲੀ ਹੋਣ ਕਾਰਨ 42 ਪਿੰਡਾਂ ਦਾ ਕੰਮਕਾਰ ਠੱਪ ਪਿਆ ਹੈ, ਉੱਥੇ ਹੀ ਪਿਛਲੇ ਢਾਈ ਮਹੀਨਿਆਂ ਤੋਂ ਬੀ.ਡੀ.ਪੀ.ਓ. ਦੀ ਪੋਸਟ ਵੀ ਵਾਧੂ ਚਾਰਜ ਦੇ ਅਧਾਰ 'ਤੇ ਚਲਾਈ ਜਾ ਰਹੀ ਹੈ | ਜਿਸ ਕਾਰਨ ਜਿੱਥੇ ਦਫ਼ਤਰੀ ਤੇ ਫੀਲਡ ਸਟਾਫ਼ ਦੀਆਂ ਤਨਖਾਹਾਂ ਅਤੇ ਮਨਰੇਗਾ ਦੇ ਕੰਮਾਂ-ਕਾਰਾਂ ਦਾ ਬਕਾਇਆ 4 ਮਹੀਨਿਆਂ ਤੋਂ ਰੁਕਿਆ ਪਿਆ ਹੈ | ਇਸ ਦੌਰਾਨ ਜਦੋਂ ਬੀ.ਡੀ.ਪੀ.ਓ. ਦਫ਼ਤਰ ਦਾ ਦੌਰਾ ਕਰਕੇ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਬਲਾਕ ਦਫ਼ਤਰ ਰਾਏਕੋਟ ਵਿਖੇ 9 ਪੰਚਾਇਤ ਸੈਕਟਰੀਆਂ ਵਿਚੋਂ ਸਿਰਫ਼ 3 ਪੰਚਾਇਤ ਸੈਕਟਰੀ ਤਾਇਨਾਤ ਹਨ, ਜਦਕਿ ਜੇ.ਈ. ਦੀਆਂ ਦੋਵੇਂ ਆਸਾਮੀਆਂ, ਸੁਪਰਡੈਂਟ ਅਤੇ ਅਕਾਊਟੈਂਟ ਦੀ ਪੋਸਟ ਕਾਫੀ ਲੰਮੇ ਸਮੇਂ ਤੋਂ ਖ਼ਾਲੀ ਪਈ ਹੈ, ਉੱਥੇ ਹੀ ਬੀ.ਡੀ.ਪੀ.ਓ. ਜਸਮਿੰਦਰ ਸਿੰਘ ਦੀ 16-05-2025 ਨੂੰ ਬਦਲੀ ਤੋਂ ਬਾਅਦ ਰਾਏਕੋਟ ਬਲਾਕ ਦਫ਼ਤਰ ਅਧਿਕਾਰੀਆਂ ਦੇ ਵਾਧੂ ਚਾਰਜ ਸਹਾਰੇ ਹੀ ਡੰਗ ਟਪਾਇਆ ਜਾ ਰਿਹਾ ਹੈ | ਜਿਸ ਦੌਰਾਨ ਬਲਾਕ ਪੱਖੋਵਾਲ ਦੇ ਬੀ.ਡੀ.ਪੀ.ਓ. ਮਨਜੀਤ ਸਿੰਘ ਨੂੰ ਪਹਿਲਾਂ ਚਾਰਜ ਦਿੱਤਾ ਗਿਆ ਅਤੇ ਉਨ੍ਹਾਂ ਉਪਰੰਤ 29 ਮਈ 2025 ਤੋਂ ਅੱਜ ਤੱਕ ਲੁਧਿਆਣਾ-1 ਦੇ ਬੀ.ਡੀ.ਪੀ.ਓ. ਰਾਜੇਸ਼ ਕੁਮਾਰ ਚੱਢਾ ਨੂੰ ਵਾਧੂ ਚਾਰਜ ਦਿੱਤਾ ਹੋਇਆ ਸੀ ਪ੍ਰੰਤੂ ਉਨ੍ਹਾਂ ਕੋਲ ਡੀ.ਡੀ.ਪੀ.ਓ. ਲੁਧਿਆਣਾ ਦਾ ਵੀ ਵਾਧੂ ਚਾਰਜ ਹੋਣ ਕਾਰਨ ਬੀ.ਡੀ.ਪੀ.ਓ. ਰਾਜੇਸ਼ ਚੱਢਾ ਦੀ ਹਾਜ਼ਰੀ ਬਲਾਕ ਰਾਏਕੋਟ ਦਫ਼ਤਰ ਵਿਚ ਘੱਟ ਹੀ ਨਜ਼ਰ ਆਉਂਦੀ ਸੀ, ਜਿਸ ਕਾਰਨ ਪਿਛਲੇ 2 ਮਹੀਨਿਆਂ ਤੋਂ ਬਲਾਕ ਰਾਏਕੋਟ ਦਾ ਪੂਰਾ ਕੰਮ ਠੱਪ ਪਿਆ ਹੈ | ਜਿਸ ਨੂੰ ਦੇਖਦਿਆਂ ਡਾਇਰੈਕਟਰ ਪੰਚਾਇਤ ਵਿਭਾਗ ਨੇ ਬੀ.ਡੀ.ਪੀ.ਓ. ਦਫ਼ਤਰ ਪੱਖੋਵਾਲ ਵਿਖੇ ਅੱਜ ਚਾਰਜ ਸੰਭਾਲਣ ਵਾਲੇ ਬੀ.ਡੀ.ਪੀ.ਓ. ਮਨਜੀਤ ਸਿੰਘ ਨੂੰ ਦੁਬਾਰਾ ਫਿਰ ਰਾਏਕੋਟ ਬਲਾਕ ਦਫ਼ਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਇਸ ਮੌਕੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਸਟਾਫ਼ ਨੂੰ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਉੱਥੇ ਹੀ 4 ਮਹੀਨਿਆਂ ਤੋਂ ਮਨਰੇਗਾ ਬਕਾਇਆ ਦਾ ਕੰਮ ਵੀ ਬੰਦ ਪਿਆ ਹੈ | ਇਸੇ ਤਰ੍ਹਾਂ ਪਿੰਡਾਂ ਵਿਚ ਵਿਕਾਸ ਕਾਰਜ ਵੀ ਠੱਪ ਪਏ ਹਨ, ਸਗੋਂ ਨਵੀਆਂ ਚੁਣੀਆਂ ਬਲਾਕ ਦੀਆਂ ਪੰਚਾਇਤਾਂ ਇੰਨ੍ਹਾਂ 9 ਮਹੀਨਿਆਂ ਵਿਚ ਕੋਈ ਵੀ ਕੰਮ ਆਰੰਭ ਨਹੀਂ ਕਰਵਾ ਸਕੀਆਂ ਅਤੇ ਪੰਚਾਇਤ ਸਕੱਤਰਾਂ, ਸੁਪਰਡੈਂਟ, ਅਕਾਊਟੈਂਟ ਅਤੇ ਜੇਈ ਦੀਆਂ ਆਸਾਮੀਆਂ ਖਾਲੀ ਹੋਣ ਕਾਰਨ ਦਫ਼ਤਰ ਅਤੇ ਪੰਚਾਇਤਾਂ ਦਾ ਕੰਮਕਾਰ ਵੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਮੌਜੂਦ ਸਟਾਫ਼ ਉੱਪਰ ਦਫ਼ਤਰੀ ਕੰਮਾਂ ਦਾ ਵਾਧੂ ਬੋਝ ਵੀ ਪੈ ਰਿਹਾ ਹੈ | ਜਿਸ ਦੇ ਚੱਲਦੇ ਉਨ੍ਹਾਂ ਨੂੰ ਭਾਰੀ ਮਾਨਸਿਕ ਪ੍ਰੇਸਾਨੀ ਝੱਲਣੀ ਪੈ ਰਹੀ ਹੈ ਪ੍ਰੰਤੂ ਪੇਂਡੂ ਖੇਤਰ ਦੇ ਅਹਿਮ ਵਿਭਾਗ ਦਾ ਦਫ਼ਤਰ ਹੋਣ ਦੇ ਬਾਵਜੂਦ ਸਰਕਾਰ ਅਤੇ ਵਿਭਾਗ ਵਲੋਂ ਰਾਏਕੋਟ ਬਲਾਕ ਦਫ਼ਤਰ ਦੀਆਂ ਖਾਲੀ ਪਈਆਂ ਆਸਾਮੀਆਂ ਅਤੇ ਬੀ.ਡੀ.ਪੀ.ਓ. ਦੀ ਪੱਕੀ ਨਿਯੁਕਤੀ ਨਹੀਂ ਕੀਤੀ ਜਾ ਰਹੀ | ਇਸ ਮੌਕੇ ਇਲਾਕੇ ਦੇ ਸਰਪੰਚਾਂ ਤੇ ਮੋਹਤਵਰ ਆਗੂਆਂ ਨੇ ਬਲਾਕ ਰਾਏਕੋਟ ਵਿਚ ਬੀ.ਡੀ.ਪੀ.ਓ. ਦੀ ਪੱਕੀ ਨਿਯੁਕਤੀ ਕਰਨ ਅਤੇ ਖਾਲੀ ਆਸਾਮੀਆਂ ਜਲਦ ਭਰਨ ਦੀ ਮੰਗ ਕੀਤੀ | ਉਧਰ ਜਦੋਂ ਰਾਏਕੋਟ ਦਫ਼ਤਰ ਦਾ ਵਾਧੂ ਚਾਰਜ ਸੰਭਾਲ ਰਹੇ ਬਲਾਕ ਪੱਖੋਵਾਲ ਦੇ ਬੀ.ਡੀ.ਪੀ.ਓ. ਮਨਜੀਤ ਸਿੰਘ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਵਿਭਾਗ ਵਲੋਂ ਅੱਜ ਹੀ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ | ਇਸ ਲਈ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਮੁਲਾਜ਼ਮਾਂ ਦੀਆਂ ਤਨਖਾਹਾਂ ਜਲਦ ਜਾਰੀ ਕਰਨਗੇ ਅਤੇ ਪੰਚਾਇਤਾਂ ਦੇ ਕੰਮਾਂ ਨੂੰ ਵੀ ਛੇਤੀ ਚਲਾਇਆ ਜਾਵੇਗਾ | ਉੱਥੇ ਹੀ ਖਾਲੀ ਪਈਆਂ ਆਸਾਮੀਆਂ ਦੀ ਪੂਰਤੀ ਲਈ ਵਿਭਾਗ ਨੂੰ ਲਿਖਤੀ ਪੱਤਰ ਭੇਜ ਕੇ ਜਲਦ ਭਰਨ ਦੀ ਮੰਗ ਕੀਤੀ ਜਾਵੇਗੀ |