26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਹਸਪਤਾਲਾਂ 'ਚ ਸੁਰੱਖਿਆ ਦੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਸੀਮਤ, ਡਾਕਟਰ ਅਤੇ ਮਰੀਜ਼ ਦੋਵੇਂ ਡਰ ਦੇ ਸਾਏ ਹੇਠ

ਅਜੀਤ ਡੈਸਕ 22-07-2025
ਗੁਰੂਸਰ ਸੁਧਾਰ, 21 ਜੁਲਾਈ (ਜਗਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਵਲੋਂ ਜਨਤਕ ਸਿਹਤ ਸਹੂਲਤਾਂ 'ਤੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਤੋਂ ਪੈਰ ਪਿੱਛੇ ਖਿੱਚਣ ਦੇ ਨਾਲ, ਸਿਹਤ ਸੰਭਾਲ ਪੇਸ਼ੇਵਰਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਨਾਲ ਮੈਡੀਕਲ ਸਟਾਫ਼ ਅਤੇ ਮਰੀਜ਼ਾਂ ਦੋਵਾਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਰਹੀਆਂ ਹਨ, ਸੁਰੱਖਿਆ ਗਾਰਡਾਂ ਦੀ ਤਾਇਨਾਤੀ ਸਿਰਫ਼ ਕਾਗਜ਼ੀ ਯੋਜਨਾਵਾਂ ਤੱਕ ਸੀਮਤ ਹੋਣ ਕਾਰਨ ਡਾਕਟਰ ਅਤੇ ਮਰੀਜ਼ ਦੋਵੇਂ ਡਰ ਦੇ ਸਾਏ ਹੇਠ ਜੀਅ ਰਹੇ ਹਨ | ਸਬ-ਡਵੀਜ਼ਨਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਤਾਜ਼ਾ ਘਟਨਾ ਹਸਪਤਾਲਾਂ 'ਚ ਸਰੁੱਖਿਆ ਪ੍ਰਬੰਧਾਂ ਦੇ ਨਾਕਸ ਪ੍ਰਬੰਧਾਂ ਦੀ ਪੋਲ੍ਹ ਖੋਲਦੀ ਦਿਖਾਈ ਦੇ ਰਹੀ ਹੈ, ਜਿੱਥੇ ਰਾਤ ਨੂੰ ਹਿੰਸਕ ਭੀੜ ਨੇ ਮੈਡੀਕਲ ਸਟਾਫ਼ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ | ਸਟਾਫ਼ ਨੂੰ ਜਾਨ ਬਚਾਉਣ ਲਈ ਕਮਰੇ ਵਿਚ ਬੰਦ ਹੋਣਾ ਪਿਆ | ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਵਿਰੁੱਧ ਹਿੰਸਾ ਦੇ 60 ਮਾਮਲੇ ਸਾਹਮਣੇ ਆਏ, ਜਿੰਨ੍ਹਾਂ ਵਿਚ ਅੰਮਿ੍ਤਸਰ, ਹੁਸ਼ਿਆਰਪੁਰ ਅਤੇ ਪਠਾਨਕੋਟ ਸਭ ਤੋਂ ਅੱਗੇ ਹਨ | ਇਸੇ ਤਰ੍ਹਾਂ ਹੀ ਚਾਲੂ ਸਾਲ 2025 ਵਿਚ ਹਿੰਸਾ ਦੀਆਂ ਲਗਾਤਾਰ ਘਟਨਾਵਾਂ 'ਤੇ ਝਾਤ ਮਾਰੀਏ ਤਾਂ 26 ਮਈ ਨੂੰ ਮਲੋਟ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਧਮਕੀ ਦਿੱਤੀ ਗਈ, 30 ਜੂਨ ਨੂੰ ਕਰਤਾਰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਮਰੀਜ਼ ਨੂੰ ਅੱਗ ਲੱਗਣ ਨਾਲ ਦਹਿਸ਼ਤ, 13 ਜੁਲਾਈ ਨੂੰ ਜ਼ੀਰਾ ਅਤੇ ਕਪੂਰਥਲਾ ਦੇ ਸਿਵਲ ਹਸਪਤਾਲਾਂ ਵਿਚ ਹਿੰਸਕ ਘਟਨਾਵਾਂ ਅਤੇ 4 ਜੁਲਾਈ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਚ ਇਕ ਮਰੀਜ਼ ਵਲੋਂ ਸਟਾਫ਼ ਮੈਂਬਰ 'ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰਨਾ ਹੈ | ਇਸ ਸਬੰਧੀ ਪੀ.ਸੀ.ਐੱਮ.ਐੱਸ.ਏ. ਦੇ ਪ੍ਰਧਾਨ ਡਾ. ਅਖਿਲ ਸਰੀਨ ਨੇ ਸਰਕਾਰੀ ਹਸਪਤਾਲਾਂ 'ਚ ਸੁਰੱਖਿਆ ਦੀਆਂ ਵੱਡੀਆਂ ਖਾਮੀਆਂ ਸਬੰਧੀ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿਹਤ ਕਰਮਚਾਰੀਆਂ ਨੂੰ ਡਰ ਦੇ ਮਾਹੌਲ ਵਿਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ | ਡਾ. ਸਰੀਨ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਸਿਹਤ ਵਿਭਾਗ ਨੂੰ ਘੱਟ ਖਰਚੇ ਵਿਚ ਸੁਰੱਖਿਆ ਵਧਾਉਣ ਦਾ ਪ੍ਰਸਤਾਵ ਦਿੱਤਾ ਸੀ, ਜਿਸ ਵਿਚ ਜ਼ਿਲ੍ਹਾ ਹਸਪਤਾਲਾਂ ਵਿਚ 20, ਸਬ-ਡਵੀਜਨਲਾਂ 'ਚ 6 ਅਤੇ ਕਮਿਊਨਿਟੀ ਹੈਲਥ ਸੈਟਰਾਂ 'ਚ 4 ਗਾਰਡ ਡੀ.ਸੀ. ਰੇਟਾਂ 'ਤੇ ਤਾਇਨਾਤ ਕਰਨ ਦੀ ਸਿਫਾਰਸ਼ ਸੀ, ਪਰ ਸਰਕਾਰ ਦੀ ਤਰਫੋਂ ਅਜੇ ਕੋਈ ਠੋਸ ਕਦਮ ਨਹੀਂ ਉਠਾਇਆ ਗਿਆ | ਸਰਕਾਰ ਨੂੰ ਤੁਰੰਤ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਲੋੜ ਹੈ |
ਪਿਛਲੀ ਖ਼ਬਰ ਪਾਠੀ ਸਿੰਘ ਗੁਰੂ ਘਰ ਦੇ ਵਜ਼ੀਰ ਹੋਇਆ ਕਰਦੇ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਅਗਲੀ ਖ਼ਬਰ ਟਰੱਕ-ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ, ਚਾਲਕ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।