ਮੁੱਲਾਂਪੁਰ-ਦਾਖਾ, 18 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਧਰਤੀ ਦੀ ਵਧ ਰਹੀ ਤਪਸ਼ ਰੋਕਣ ਅਤੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਮੰਤਵ ਨਾਲ ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ (ਮੰਡੀ ਮੁੱਲਾਂਪੁਰ) ਦੀ ਪ੍ਰਬੰਧਕੀ ਕਮੇਟੀ, ਅਧਿਆਪਕ, ਵਿਦਿਆਰਥੀਆਂ ਵਲੋਂ ਰਲ ਕੇ ਸਕੂਲ ਕੈਂਪਸ ਅੰਦਰ ਫ਼ਲਦਾਰ, ਛਾਂਅਦਾਰ ਅਤੇ ਆਰਗੈਨਿਕ ਬੂਟੇ ਲਗਾਏ ਗਏ | ਬੂਟੇ ਲਗਾਉਣ ਦੀ ਰਸਮੀ ਆਰੰਭਤਾ ਮੌਕੇ ਉਚੇਚਾ ਪਹੁੰਚੇ ਐਡਵੋਕੇਟ ਜਸਵੀਰ ਸਿੰਘ ਸਿੱਧੂ ਵਿਦਿਅਰਾਥਆਂ ਨੂੰ ਸੰਬੋਧਨ ਸਮੇਂ ਕਿਹਾ ਕਿ ਵਿਦਿਆਰਥੀ ਜੀਵਨ ਅਜਿਹੀ ਉਮਰ ਹੈ, ਜੋ ਬੂਟੇ ਲਗਾਉਣ ਦੇ ਨਾਲ ਸੰਭਾਲ ਲਈ ਸੰਜੀਦਾ ਬਣ ਸਕਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਰੁੱਖਾਂ ਨਾਲ ਬੜੀ ਡੂੰਘੀ ਸਾਂਝ ਹੈ, ਸਾਡੇ ਪੰਜਾਬੀ ਸੱਭਿਆਚਾਰ ਵਿਚ ਕਈ ਰੁੱਖ ਅਹਿਮ ਹਨ, ਇਸ ਲਈ ਵਿਰਾਸਤੀ ਅਤੇ ਆਰਗੈਨਿਕ ਬੂਟੇ ਲਗਾਉਣ ਨੂੰ ਪਹਿਲ ਦਿੱਤੀ ਜਾਵੇ | ਸਕੂਲ ਪਿ੍ੰਸੀਪਲ ਗੁਰਨਾਇਬ ਸਿੰਘ ਨੇ ਕਿਹਾ ਦਰੱਖ਼ਤ ਸਾਡੀ ਜੀਵਨ ਕਿਰਿਆ ਵਿਚ ਹਵਾ ਦੀ ਸ਼ੁੱਧਤਾ ਤੋਂ ਲੈ ਕੇ ਅਨੇਕਾ ਦਾਤਾਂ ਵੰਡਦਾ ਹੈ, ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ 'ਰਵਿਆ ਵਿਚਿ ਵਣਾ' ਪੰਗਤੀਆਂ 'ਤੇ ਪੂਰਾ ਉਤਰਨਾ ਚਾਹੀਦਾ | ਅਜੀਤਸਰ ਸਕੂਲ ਜਾਂਗਪੁਰ ਵਿਖੇ ਹਰਿਆਵਲ ਤਹਿਤ ਬੂਟੇ ਲਗਾਉਣ ਸਮੇਂ ਰਿਟਾ: ਪਿ੍ੰਸੀਪਲ ਪ੍ਰੇਮ ਸਿੰਘ, ਪਿ੍ੰਸੀਪਲ ਗੁਰਮੀਤ ਸਿੰਘ ਮੋਹੀ, ਮਾ: ਅਵਤਾਰ ਸਿੰਘ, ਕੈਪਟਨ ਪ੍ਰੀਤਮ ਸਿੰਘ, ਚਰਨਜੀਤ ਸਿੰਘ ਬੀਰਮੀ, ਬੂਟਾ ਸਿੰਘ, ਗੁਰਪ੍ਰੀਤ ਸਿੰਘ, ਮੇਜਰ ਸਿੰਘ, ਜੋਰਾ ਸਿੰਘ, ਬਲਦੇਵ ਸਿੰਘ, ਪਵਨ ਕੁਮਾਰ, ਸੰਦੀਪ ਸਿੰਘ ਧਾਲੀਵਾਲ ਹੋਰਨਾਂ ਨੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਪ੍ਰੇਰਦਿਆਂ ਕਿਹਾ ਕਿ ਅੱਜ ਜਿਥੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਸੱਤ੍ਹਾ ਡਿੱਗ ਰਹੀ ਹੈ, ਉਥੇ ਦੂਸ਼ਿਤ ਪਾਣੀ ਹੇਠ ਰਕਬਾ ਵਧ ਰਿਹਾ, ਇਸ ਨੂੰ ਬਚਾਉਣ ਲਈ ਦਰੱਖ਼ਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ | ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ 'ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰ ਹਾਂ-ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ' ਪੜ੍ਹੀ ਗਈ | ਇਸ ਸਮੇਂ ਸਕੂਲ ਅਧਿਆਪਕਾ ਮਨਦੀਪ ਕੌਰ ਖ਼ਾਲਸਾ, ਹਰਪ੍ਰੀਤ ਕੌਰ, ਬਿਮਲਜੀਤ ਕੌਰ, ਪਰਵਿੰਦਰ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਕਿਰਨਪ੍ਰੀਤ ਜਾਂਗਪੁਰ, ਸੁਰਨਦੀਪ ਸੁਧਾਰ, ਹਰਕਮਲ ਮੋਹੀ, ਸੰਦੀਪ ਕੌਰ, ਹੋਰ ਅਧਿਆਪਕਾਂ ਨੇ ਇਕ-ਇਕ ਬੂਟਾ ਲਗਾ ਕੇ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ |