16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਚੱਕਰਵਰਤੀ ਚਿਲਡਰਨ ਹਸਪਤਾਲ ਜਗਰਾਉਂ ਵਿਖੇ ਔਟਿਜ਼ਮ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 18-07-2025
ਜਗਰਾਉਂ, 17 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਚੱਕਰਵਰਤੀ ਚਿਲਡਰਨ ਹਸਪਤਾਲ ਜਗਰਾਉਂ ਵਿਖੇ ਇਕ ਐਟਿਜ਼ਮ ਜਾਗਰੂਕਤਾ ਕੈਂਪ ਦਾ ਲਗਾਇਆ ਗਿਆ | ਇਸ ਮੌਕੇ ਡਾ. ਅਤੁਲ ਮਦਾਨ ਕੇਅਰ ਫਾਰ ਔਟਿਜ਼ਮ ਨੇ ਦੱਸਿਆ ਕਿ ਔਟਿਜ਼ਮ ਥੈਰੇਪੀ ਵਿਚ ਮਾਪੇ ਹੀ ਅਸਲੀ ਥੈਰੇਪਿਸਟ ਹਨ | ਉਨ੍ਹਾਂ ਕਿਹਾ ਕਿ ਵਧਦੀ ਆਬਾਦੀ ਅਤੇ ਆਧੁਨਿਕ ਜੀਵਨ ਸ਼ੈਲੀ ਦੇ ਨਾਲ, ਸਮਾਜ ਵਿਚ ਅਜੇ ਵੀ ਐਟਿਜ਼ਮ ਵਰਗੀਆਂ ਨਿਊਰੋ-ਵਿਕਾਸ ਸੰਬੰਧੀ ਸਥਿਤੀਆਂ ਬਾਰੇ ਅਧੂਰੀ ਜਾਣਕਾਰੀ, ਭੰਬਲਭੂਸਾ ਅਤੇ ਮਿੱਥਾਂ ਹਨ | ਇੰਨ੍ਹਾਂ ਮਿੱਥਾਂ ਨੂੰ ਤੋੜਨ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਔਟਿਜ਼ਮ ਅਲਾਇੰਸ ਪ੍ਰਾਈਵੇਟ ਲਿਮਟਿਡ ਦੇ ਅਧੀਨ ਸੰਚਾਲਿਤ ਕੇਅਰ ਫਾਰ ਔਟਿਜ਼ਮ ਲੁਧਿਆਣਾ ਅਤੇ ਚੱਕਰਵਰਤੀ ਚਿਲਡਰਨ ਹਸਪਤਾਲ ਜਗਰਾਉਂ ਦੇ ਸਾਂਝੇ ਸਹਿਯੋਗ ਹੇਠ ਇਕ ਮੁਫਤ ਔਟਿਜ਼ਮ ਜਾਗਰੂਕਤਾ ਅਤੇ ਸਕ੍ਰੀਨਿੰਗ ਕੈਂਪ ਲਗਾਇਆ ਗਿਆ | ਇਸ ਵਿਸ਼ੇਸ਼ ਕੈਂਪ ਦਾ ਉਦੇਸ਼ ਮਾਪਿਆਂ ਨੂੰ ਇਹ ਸਮਝਾਉਣਾ ਸੀ ਕਿ ਐਟਿਜ਼ਮ ਕੋਈ ਬਿਮਾਰੀ ਨਹੀਂ ਹੈ, ਸਗੋਂ ਇਕ ਨਿਊਰੋ-ਵਿਕਾਸਸ਼ੀਲ ਸਥਿਤੀ ਹੈ ਜਿਸ ਵਿਚ ਪ੍ਰਭਾਵਸ਼ਾਲੀ ਸੁਧਾਰ ਦਵਾਈਆਂ ਦੁਆਰਾ ਨਹੀਂ ਸਗੋਂ ਥੈਰੇਪੀ ਅਤੇ ਮਾਪਿਆਂ ਦੀ ਸ਼ਮੂਲੀਅਤ ਦੁਆਰਾ ਸੰਭਵ ਹੈ | ਇਹ ਵੀ ਦੱਸਿਆ ਗਿਆ ਕਿ ਬੋਲਣ ਵਿਚ ਦੇਰੀ ਅਤੇ ਔਟਿਜ਼ਮ ਇਕੋ ਜਿਹੇ ਨਹੀਂ ਹਨ | ਇਸ ਉਲਝਣ ਕਾਰਨ ਬਹੁਤ ਸਾਰੇ ਮਾਪੇ ਸ਼ੁਰੂਆਤੀ ਦਖਲਅੰਦਾਜ਼ੀ ਦੇ ਸਭ ਤੋਂ ਮਹੱਤਵਪੂਰਨ ਸਮੇਂ ਨੂੰ ਗੁਆ ਦਿੰਦੇ ਹਨ | ਡਾ: ਅਤੁਲ ਮਦਾਨ (ਆਪ੍ਰੇਸ਼ਨਲ ਹੈੱਡ, ਕੇਅਰ ਫਾਰ ਔਟਿਜ਼ਮ) ਨੇ ਕਿਹਾ ਕਿ ਸਾਡਾ ਦਿ੍ਸ਼ਟੀਕੋਣ ਸਪੱਸ਼ਟ ਹੈ ਕਿ ਮਾਪੇ ਅਸਲ ਥੈਰੇਪਿਸਟ ਹਨ ਅਤੇ ਪੇਸ਼ੇਵਰ ਸਿਰਫ਼ ਸੁਵਿਧਾਕਰਤਾ ਦੀ ਭੂਮਿਕਾ ਨਿਭਾਉਂਦੇ ਹਨ | ਸਾਡਾ ਉਦੇਸ਼ ਮਾਪਿਆਂ ਨੂੰ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਘਰ ਵਿਚ ਵੀ ਆਪਣੇ ਬੱਚੇ ਦੇ ਵਿਕਾਸ ਯਾਤਰਾ ਨੂੰ ਸਕਾਰਾਤਮਕ ਦਿਸ਼ਾ ਦੇ ਸਕਣ | ਉਨ੍ਹਾਂ ਅੱਗੇ ਕਿਹਾ ਕਿ ਖੋਜ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਜੇਕਰ ਥੈਰੇਪੀ 3 ਤੋਂ 5 ਸਾਲ ਦੀ ਉਮਰ ਦੇ ਵਿਚਕਾਰ ਸ਼ੁਰੂ ਕੀਤੀ ਜਾਂਦੀ ਹੈ, ਤਾਂ ਬੱਚੇ ਦੇ ਬੋਲਣ, ਵਿਵਹਾਰ ਅਤੇ ਸਮਾਜਿਕ ਹੁਨਰ ਵਿਚ ਕਾਫ਼ੀ ਸੁਧਾਰ ਹੁੰਦਾ ਹੈ | ਕਈ ਖੋਜਾਂ ਇਹ ਵੀ ਦਰਸਾਉਂਦੀਆਂ ਹਨ ਕਿ ਮਾਪਿਆਂ ਦੀ ਸਰਗਰਮ ਭਾਗੀਦਾਰੀ ਨਾਲ, ਕੁਝ ਮਾਮਲਿਆਂ ਵਿਚ ਬੱਚਾ ਨਿਦਾਨ ਦੇ ਮਾਪਦੰਡਾਂ ਤੋਂ ਵੀ ਬਾਹਰ ਆ ਸਕਦਾ ਹੈ | ਕੈਂਪ ਦੀ ਇਕ ਵੱਡੀ ਗਤੀਵਿਧੀ ਦੇ ਤੌਰ 'ਤੇ ਮਾਹਿਰਾਂ ਦੀ ਟੀਮ ਨੇ ਬੱਚਿਆਂ ਦੀ ਮੁਫ਼ਤ ਜਾਂਚ ਕੀਤੀ ਅਤੇ ਮਾਪਿਆਂ ਨੂੰ ਦੱਸਿਆ ਕਿ ਕਿਹੜੇ ਸ਼ੁਰੂਆਤੀ ਸੰਕੇਤਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ | ਇਸ ਮੌਕੇ ਮਾਹਿਰਾਂ ਦੀ ਟੀਮ ਵਿਚ ਸ਼ੀਨੂ ਕੋਚਰ (ਸੈਂਟਰ ਹੈੱਡ, ਲੁਧਿਆਣਾ), ਮੰਗੂਰਾਜੋਤ ਕੌਰ (ਬਿਹੇਵੀਅਰ ਥੈਰੇਪਿਸਟ), ਮੁਹੰਮਦ ਮੋਇਨ (ਸਪੀਚ ਥੈਰੇਪਿਸਟ) ਸ਼ਾਮਿਲ ਸਨ | ਇਸ ਮੌਕੇ ਡਾ: ਅਮਿਤ ਚੱਕਰਵਰਤੀ (ਡਾਇਰੈਕਟਰ, ਚੱਕਰਵਰਤੀ ਚਿਲਡਰਨ ਹਸਪਤਾਲ) ਨੇ ਆਏ ਮਾਹਿਰ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਔਟਿਜ਼ਮ ਸਬੰਧੀ ਮਾਪਿਆਂ ਦਾ ਮਾਰਗਦਰਸ਼ਨ ਕਰਨਾ ਹੈ | ਇਸ ਮੌਕੇ ਡਾ: ਦਿਲਪ੍ਰੀਤ ਕੌਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਪਾਰਟੀ ਦਾ ਸੰਗਠਨਾਤਮਕ ਢਾਂਚਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਰਿਹਾ-ਵਿਜੈ ਬੈਕਟਰ <br/> ਅਗਲੀ ਖ਼ਬਰ ਉਗਰਾਹਾਂ ਜਥੇਬੰਦੀ ਵਲੋਂ ਫਾਗਲਾ ਵਿਖੇ ਲੈਂਡ ਪੂਲਿੰਗ ਨੀਤੀ ਵਿਰੁੱਧ ਭਰਵੀਂ ਮੀਟਿੰਗ ਮਾਨ ਸਰਕਾਰ ਨੂੰ ਜ਼ਮੀਨਾਂ ਐਕਵਾਇਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।