ਚੌਂਕੀਮਾਨ, 17 ਜੁਲਾਈ (ਤੇਜਿੰਦਰ ਸਿੰਘ ਚੱਢਾ)-ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕੀਮਾਨ ਵਿਖੇ ਸਕੂਲ ਦੇ ਡਾਇਰੈਕਟਰ ਅਕਸੈ ਕੁਮਾਰ ਸਿੰਘ ਪਟਿਆਲ ਤੇ ਸਕੂਲ ਦੇ ਪਿ੍ੰਸੀਪਲ ਮੈਡਮ ਬਲਵਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਸਟਾਫ਼ ਵਲੋਂ ਸਕੂਲ ਵਿਚ ਨਵੇਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਸਬੰਧ ਵਿਚ ਇਕ ਮੀਟਿੰਗ ਕੀਤੀ ਗਈ | ਜਿਸ ਵਿਚ ਵਿਦਿਆਰਥੀਆਂ ਦੇ ਮਾਪਿਆਂ ਤੋਂ ਉਨ੍ਹਾਂ ਦੇ ਬੱਚਿਆ ਵਲੋਂ ਘਰ ਵਿਚ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਨ ਲਈੇ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਬਲਵਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੀਟਿੰਗ ਕਰਨ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਰੁਚੀ ਪੜ੍ਹਾਈ ਵਿਚ ਕਰਨਾ ਹੈ ਕਿਉਂਕਿ ਵਿਦਿਆਰਥੀ ਮੋਬਾਇਲ ਦੀ ਵਰਤੋਂ ਵੱਧ ਕਰਦੇ ਹਨ ਤੇ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਵਿਚ ਜ਼ਿਆਦਾ ਧਿਆਨ ਦਿੰਦੇ ਹਨ ਜਿਸ ਨਾਲ ਉਹ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪੇ ਘਰ ਵਿਚ ਬੱਚਿਆਂ ਵੱਲ ਘੱਟ ਧਿਆਨ ਦਿੰਦੇ ਹਨ ਜਿਸ ਨਾਲ ਬੱਚੇ ਵਿਗੜ ਜਾਦੇ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਸਟਾਫ਼ ਤੇ ਬੱਚਿਆਂ ਦੇ ਮਾਪਿਆਂ ਦਾ ਤਾਲਮੇਲ ਹੋਣਾ ਜ਼ਰੂਰੀ ਹੈ ਜਿਸ ਨਾਲ ਬੱਚਿਆਂ ਨੂੰ ਸਹੀ ਲਾਇਨ 'ਤੇ ਲਿਆਂਦਾ ਜਾਵੇ | ਇਸ ਮੌਕੇ ਸਕੂਲ ਦੇ ਡਾਇਰੈਕਟਰ ਅਕਸੈ ਕੁਮਾਰ ਸਿੰਘ ਪਟਿਆਲ ਨੇ ਬੱਚਿਆਂ ਦੇ ਮਾਪਿਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਤੇ ਉਨ੍ਹਾਂ ਕਿਹਾ ਕਿ ਸਾਨੂੰ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਸਖ਼ਤ ਫ਼ੈਸਲੇ ਲੈਣੇ ਹੋਣਗੇ ਜਿਸ ਨਾਲ ਬੱਚੇ ਅੱਗੇ ਚਲ ਕੇ ਸਾਡੇ ਦੁਆਰਾ ਕੀਤੀ ਗਈ ਸਖ਼ਤੀ ਨੂੰ ਸਮਝਣਗੇ | ਬੱਚਿਆਂ ਦੇ ਮਾਪਿਆਂ ਨੇ ਸਕੂਲ ਦੀ ਮੈਨਜਮੈਂਟ ਕਮੇਟੀ ਤੇ ਸਕੂਲ ਸਟਾਫ਼ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਵਿਸ਼ੇਸ਼ ਮੀਟਿੰਗ ਬੁਲਾ ਕੇ ਬੱਚਿਆਂ ਦੇ ਭਵਿੱਖ ਲਈ ਸੋਚਿਆ |