ਹੰਬੜਾਂ, 17 ਜੁਲਾਈ (ਮੇਜਰ ਹੰਬੜਾਂ)-'ਆਪ' ਸਰਕਾਰ ਵਲੋਂ ਕਿਸਾਨ ਮਾਰੂ ਫ਼ੈਸਲਾ ਲੈਂਦਿਆਂ ਸੂਬੇ ਅੰਦਰ ਕਿਸਾਨਾਂ ਦੀ ਮਰਜ਼ੀ ਬਗੈਰ ਜ਼ਮੀਨਾਂ ਐਕਵਾਇਰ ਕਰਨ ਸਬੰਧੀ ਲਿਆਂਦੀ ਗਈ ਪਾਲਿਸੀ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਵਾਂਗੇ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਵਿਰੋਧੀ ਦੱਸਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਿਸਾਨ ਨੂੰ ਸਰਕਾਰ ਤੋਂ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਕਿਸਾਨ ਪੱਖੀ ਸਕੀਮਾਂ ਲੈ ਕੇ ਆਉਣ ਸਬੰਧੀ ਵੱਡੀਆਂ ਆਸਾਂ ਸਨ ਪਰ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜ਼ਬਰੀ ਉਨ੍ਹਾਂ ਤੋਂ ਲੈਣ ਸਬੰਧੀ ਪਾਲਿਸੀ ਲਿਆਉਂਦਿਆਂ ਕਿਸਾਨਾਂ ਦੇ ਢਿੱਡ 'ਚ ਲੱਤ ਮਾਰੀ ਹੈ ਤੇ ਇਸ ਲਈ ਸੂਬੇ ਦੇ ਲੋਕ 'ਆਪ' ਸਰਕਾਰ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ | ਸ: ਸ਼ਿਵਾਲਿਕ ਨੇ ਕਿਹਾ ਕਿ ਸੱਤ੍ਹਾ ਦੇ ਨਸ਼ੇ 'ਚ ਭਗਵੰਤ ਮਾਨ ਸਰਕਾਰ ਲੋਕ ਵਿਰੋਧੀ ਫ਼ੈਸਲੇ ਤਾਂ ਲੈ ਰਹੀ ਹੈ ਪਰ ਸਮਾਂ ਆਉਣ 'ਤੇ ਸੂਬੇ ਦੇ ਕਿਸਾਨ ਵਰਗ ਸਮੇਤ ਹਰ ਵਰਗ ਸਰਕਾਰ ਤੋਂ ਪਾਈ-ਪਾਈ ਦਾ ਹਿਸਾਬ ਲਵੇਗਾ | ਸ: ਸ਼ਿਵਾਲਿਕ ਨੇ ਕਿਹਾ ਕਿ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਅੱਜ ਹਰ ਵਰਗ ਕਿਸਾਨਾਂ ਦੀ ਪਿੱਠ 'ਤੇ ਖੜ੍ਹਾ ਹੈ ਤੇ ਸਰਕਾਰ ਨੂੰ ਜ਼ਮੀਨਾਂ 'ਚ ਪੈਰ ਨਹੀਂ ਧਰਨ ਦਿੱਤਾ ਜਾਵੇਗਾ ਚਾਹੇ ਸਰਕਾਰ ਆਪਣੀ ਸਾਰੀ ਤਾਕਤ ਝੋਕ ਦੇਵੇ, ਲੋਕ ਰੋਹ ਅੱਗੇ ਸਰਕਾਰ ਟਿਕ ਨਹੀਂ ਸਕੇਗੀ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਰ ਸੰਘਰਸ਼ ਵਿਚ ਅਸੀਂ ਸਾਥ ਦੇਵਾਂਗੇ ਤੇ ਪਾਰਟੀ ਵਰਕਰ ਕਿਸਾਨਾਂ ਨਾਲ ਚੱਟਾਨ ਵਾਂਗ ਖੜੇ੍ਹ ਹਨ ਤੇ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ ਅਸੀਂ ਗਲਾਡਾ ਦਫ਼ਤਰ ਦਾ ਘਿਰਾਓ ਕਰਾਂਗੇ, ਜਿਸ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ |