ਗੁਰੂਸਰ ਸੁਧਾਰ, 15 ਜੁਲਾਈ (ਜਗਪਾਲ ਸਿੰਘ ਸਿਵੀਆਂ)-ਨੌਜਵਾਨਾਂ ਵਿਚ ਡਿਜ਼ੀਟਲ ਸਾਖਰਤਾ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜੀ.ਐੱਚ.ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ 3 ਪੰਜਾਬ ਗਰਲਜ਼ ਬਟਾਲੀਅਨ ਐੱਨ.ਸੀ.ਸੀ ਲੁਧਿਆਣਾ ਦੁਆਰਾ 'ਸਾਈਬਰ ਫਸਟ ਰਿਸਪਾਂਡਰ' ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਯੂਨਾਈਟਿਡ ਸਰਵਿਸ ਇੰਸਟੀਚਿਊਸ਼ਨ (ਯੂ.ਐੱਸ.ਆਈ) ਨਵੀਂ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਇਸ ਆਨਲਾਈਨ ਸੈਸ਼ਨ ਵਿਚ 400 ਤੋਂ ਵੱਧ ਐੱਨ.ਸੀ.ਸੀ. ਗਰਲ ਕੈਡਿਟਾਂ ਨੇ ਹਿੱਸਾ ਲਿਆ | ਬਿ੍ਗੇਡੀਅਰ ਪੀ.ਐੱਸ. ਚੀਮਾ, ਐੱਸ.ਐੱਮ., ਵੀ.ਐੱਸ.ਐੱਮ., ਗਰੁੱਪ ਕਮਾਂਡਰ, ਐੱਨ.ਸੀ.ਸੀ. ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੇਜਰ ਜਨਰਲ ਜੇ.ਐੱਸ. ਸੰਧੂ ਅਤੇ ਡੀ.ਜੀ. ਐੱਨ.ਸੀ.ਸੀ. ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਦੇ ਨਿਰਦੇਸ਼ਾਂ ਹੇਠ ਕੈਂਪ ਕਮਾਂਡੈਂਟ ਕਰਨਲ ਰਾਕੇਸ਼ ਸਿੰਘ ਚੌਹਾਨ ਦੀ ਅਗਵਾਈ ਵਿਚ ਸਾਲਾਨਾ ਸਿਖਲਾਈ ਕੈਂਪ-59 ਦੌਰਾਨ ਇਹ ਵਰਕਸ਼ਾਪ ਆਯੋਜਿਤ ਕੀਤੀ ਗਈ | ਸਾਈਬਰ ਸੁਰੱਖਿਆ ਮਾਹਿਰ ਅਤੇ ਵਕੀਲ ਸ਼੍ਰੀ ਤੁਸ਼ਾਰ ਸ਼ਰਮਾ ਨੇ ਸੈਸ਼ਨ ਦੀ ਅਗਵਾਈ ਕਰਦਿਆਂ ਕੈਡਿਟਾਂ ਨੂੰ ਸਾਈਬਰ ਸੁਰੱਖਿਆ ਦੇ ਮੁੱਢਲੇ ਸਿਧਾਂਤ, ਸੁਰੱਖਿਅਤ ਡਿਜ਼ੀਟਲ ਅਭਿਆਸ ਅਤੇ ਸਾਈਬਰ ਖ਼ਤਰਿਆਂ ਦੀ ਪਛਾਣ ਬਾਰੇ ਸਿਖਾਇਆ | ਬਿ੍ਗੇਡੀਅਰ ਵਿਵੇਕ ਵਰਮਾ (ਸੇਵਾਮੁਕਤ) ਅਤੇ ਲੈਫਟੀਨੈਂਟ ਕਮਾਂਡਰ ਸੀਮਾ ਗੁਪਤਾ ਦੀ ਅਗਵਾਈ ਵਿਚ ਸੈਸ਼ਨ ਨੇ ਇਤਿਹਾਸਕ ਉਦਾਹਰਣਾਂ ਜਿਵੇਂ ਟਰੋਜਨ ਹਾਰਸ ਅਤੇ ਮਹਾਂਭਾਰਤ ਦੀਆਂ ਘਟਨਾਵਾਂ ਰਾਹੀਂ ਸਾਈਬਰ ਅਪਰਾਧ ਦੀ ਗੰਭੀਰਤਾ ਨੂੰ ਸਮਝਾਇਆ | ਇਹ ਪਹਿਲਕਦਮੀ ਐਨ.ਸੀ.ਸੀ. ਦੀ ਸਾਈਬਰ ਸੁਰੱਖਿਆ ਵਿਚ ਰਾਸ਼ਟਰੀ ਤਰਜੀਹਾਂ ਨਾਲ ਜੁੜੀ ਸਿਖਲਾਈ ਦਾ ਹਿੱਸਾ ਹੈ, ਜੋ ਕੈਡਿਟਾਂ ਨੂੰ ਸਰੀਰਕ, ਮਾਨਸਿਕ ਅਤੇ ਡਿਜ਼ੀਟਲ ਤੌਰ 'ਤੇ ਜਾਗਰੂਕ ਬਣਾਉਂਦੀ ਹੈ | ਇਹ ਵਰਕਸ਼ਾਪ ਨੌਜਵਾਨ ਕੈਡਿਟਾਂ ਨੂੰ ਸਾਈਬਰ ਸੈਂਟੀਨੇਲ ਅਤੇ ਜ਼ਿੰਮੇਵਾਰ ਡਿਜ਼ੀਟਲ ਨਾਗਰਿਕ ਬਣਾਉਣ ਵਿਚ ਮਹੱਤਵਪੂਰਨ ਕਦਮ ਸਾਬਤ ਹੋਈ |