ਜਗਰਾਉਂ, 15 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਲੋਕਾਂ ਨੂੰ ਪੰਛੀਆਂ ਲਈ ਦਾਣੇ ਦੇ ਪੈਕਟ ਅਤੇ ਮਿੱਟੀ ਦੇ ਭਾਂਡੇ ਵੰਡੇ ਗਏ | ਸਥਾਨਕ ਝਾਂਸੀ ਚੌਂਕ ਵਿਖੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਕਟਾਰੀਆ ਦੀ ਦੁਕਾਨ 'ਤੇ ਪੰਛੀਆਂ ਲਈ ਦਾਣੇ ਦੇ ਪੈਕਟ ਅਤੇ ਪੀਣ ਵਾਸਤੇ ਮਿੱਟੀ ਦੇ ਬਰਤਨ ਲੋਕਾਂ ਨੂੰ ਤਕਸੀਮ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਕਿਹਾ ਕਿ ਗਰਮੀ ਦੇ ਮੌਸਮ ਵਿਚ ਪੰਛੀ ਅਸਮਾਨ ਵਿਚ ਚੱਕਰ ਲਗਾਉਂਦੇ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ | ਉਨ੍ਹਾਂ ਦੱਸਿਆ ਕਿ ਪੰਛੀਆਂ ਲਈ ਪੀਣ ਵਾਸਤੇ ਪਾਣੀ ਦੇ ਬਰਤਨ ਦਾ ਪ੍ਰਬੰਧ ਕਰਨ ਲਈ ਸੁਸਾਇਟੀ ਵਲੋਂ ਹਰੇਕ ਸਾਲ ਮਿੱਟੀ ਦੇ ਭਾਂਡੇ ਅਤੇ ਪੰਛੀਆਂ ਲਈ ਦਾਣਿਆਂ ਦੇ ਪੈਕਟਾਂ ਵੰਡਣ ਦੀ ਸੇਵਾ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿਚ ਸੁਸਾਇਟੀ ਵਲੋਂ 200 ਦੇ ਕਰੀਬ ਦਾਣੇ ਦੇ ਪੈਕਟ ਅਤੇ 200 ਦੇ ਕਰੀਬ ਮਿੱਟੀ ਦੇ ਬਰਤਨ ਲੋਕਾਂ ਨੂੰ ਤਕਸੀਮ ਕੀਤੇ ਗਏ ਤਾਂ ਕਿ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਪਾਣੀ ਅਤੇ ਦਾਣੇ ਦਾ ਪ੍ਰਬੰਧ ਕਰ ਸਕਣ | ਇਸ ਮੌਕੇ ਸੁਸਾਇਟੀ ਦੇ ਵਾਈਸ ਚੇਅਰਮੈਨ ਕੰਵਲ ਕੱਕੜ, ਇਕਬਾਲ ਸਿੰਘ ਕਟਾਰੀਆ, ਜਗਦੀਪ ਸਿੰਘ, ਡਾ: ਭਾਰਤ ਭੂਸ਼ਨ ਬਾਂਸਲ, ਆਰ.ਕੇ. ਗੋਇਲ, ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ, ਅਨਿਲ ਮਲਹੋਤਰਾ ਆਦਿ ਸੁਸਾਇਟੀ ਮੈਂਬਰ ਹਾਜ਼ਰ ਸਨ |