ਰਾਏਕੋਟ, 15 ਜੁਲਾਈ (ਸੁਸ਼ੀਲ)-ਪਹਿਲਾਂ ਤੋਂ ਹੀ ਬਦਹਾਲ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਕੱਲ੍ਹ ਹੋਈ ਪਹਿਲੀ ਬਾਰਿਸ਼ ਤੋਂ ਬਾਅਦ ਹੋਰ ਵੀ ਬਦਤਰ ਹੋ ਗਈ ਹੈ | ਹਾਲਾਂਕਿ ਇਸ ਵਾਰ ਬਰਸਾਤੀ ਮੌਸਮ ਹਾਲੇ ਸ਼ੁਰੂ ਹੀ ਹੋਇਆ ਹੈ, ਪ੍ਰੰਤੂ ਇਕ ਬਰਸਾਤ ਤੋਂ ਬਾਅਦ ਜਿਸ ਤਰ੍ਹਾਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੀ ਹਾਲਤ ਦਿਖਾਈ ਦੇ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਜੇਕਰ ਬਰਸਾਤੀ ਮੌਸਮ ਥੋੜ੍ਹਾ ਲੱਮਾਂ ਚੱਲਿਆ ਤਾਂ ਸ਼ਹਿਰ ਵਿਚ ਸੜਕਾਂ ਨੂੰ ਲੱਭਣਾ ਔਖਾ ਹੋ ਜਾਵੇਗਾ | ਕੱਲ੍ਹ ਹੋਈ ਕਰੀਬ ਅੱਧੇ ਘੰਟੇ ਦੀ ਬਾਰਿਸ਼ ਤੋਂ ਪ੍ਰੰਤੂ ਰਾਏਕੋਟ ਸ਼ਹਿਰ ਦੀਆਂ ਵੱਖ-ਵੱਖ ਹਿੱਸਿਆਂ ਵਿਚ ਸੜਕਾਂ ਪਤਾਸਿਆਂ ਵਾਂਗ ਭੁਰ ਗਈਆਂ | ਜਿਸ ਵਿਚ ਸ਼ਹਿਰ ਦੀ ਪ੍ਰਮੁੱਖ ਲੁਧਿਆਣਾ ਰੋਡ 'ਤੇ ਕਈ ਥਾਵਾਂ 'ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਇਸ ਤੋਂ ਇਲਾਵਾ ਸ਼ਹਿਰ ਦੀ ਥਾਣਾ ਰੋਡ, ਤਲਾਬ ਵਾਲਾ ਮੁਹੱਲਾ ਰੋਡ, ਗਊਸ਼ਾਲਾ ਰੋਡ, ਜੌਹਲਾਂ ਰੋਡ, ਕੱਚਾ ਕਿਲ੍ਹਾ ਰੋਡ, ਮੁਹੱਲਾ ਗੁਰੂ ਨਾਨਕ ਪੁਰਾ ਤੋਂ ਬਰਨਾਲਾ ਰੋਡ ਨੂੰ ਜਾਂਦੀ ਸੜਕ, ਕਮੇਟੀ ਗੇਟ ਇਲਾਕਾ, ਤਲਵੰਡੀ ਰੋਡ, ਬਰਨਾਲਾ ਚੌਂਕ ਆਦਿ ਇਲਾਕਿਆਂ 'ਚ ਸੜਕਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ | ਹਾਲਤ ਇਹ ਹੈ ਕਿ ਇੰਨ੍ਹਾਂ ਸੜਕਾਂ ਤੇ ਜਿੱਥੇ ਬਰਸਾਤ ਤੋਂ ਬਾਅਦ ਵੱਡੀ ਮਾਤਰਾ 'ਚ ਪਾਣੀ ਜਮਾਂ ਹੋ ਜਾਂਦਾ ਹੈ, ਉੱਥੇ ਬਰਸਾਤ ਦੇ ਬਾਅਦ ਵੀ ਸੜਕਾਂ 'ਤੇ ਪਏ ਟੋਇਆਂ ਵਿੱਚ ਜਮ੍ਹਾਂ ਹੋਏ ਬਰਸਾਤੀ ਪਾਣੀ ਕਾਰਨ ਕਈ ਦਿਨਾਂ ਤੱਕ ਰਾਹਗੀਰਾਂ ਨੂੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ 'ਚ ਨਗਰ ਕੌਂਸਲ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਦੀਆਂ ਖਸਤਾ ਹਾਲਤ ਹੋ ਚੁੱਕੀਆਂ ਇੰਨ੍ਹਾਂ ਸੜਕਾਂ ਵੱਲ ਨਗਰ ਕੌਂਸਲ ਤੁਰੰਤ ਧਿਆਨ ਦੇਵੇ |