ਭੰਗਾਲਾ, 3 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- ਅੱਡਾ ਭੰਗਾਲਾ ਵਿਖੇ ਦਿੱਲੀ ਤੋਂ ਕਟੜਾ ਵੈਸ਼ਨੋ ਦੇਵੀ ਜਾ ਰਹੀ ਇਕ ਟੂਰਿਸਟ ਬੱਸ ਕਰਾਸਿੰਗ ਵੇਲੇ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ ਜਿਸ ਨਾਲ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ | ਇਸ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬੱਸ ਦੇ ਸਹਿ-ਚਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਬੱਸ ਯਾਤਰੀਆਂ ਨੂੰ ਲੈ ਦਿੱਲੀ ਤੋਂ ਕਟੜਾ ਜਾ ਰਹੀ ਸੀ ਕਿ ਜਦੋਂ ਬੱਸ ਭੰਗਾਲਾ ਨਜ਼ਦੀਕ ਕਰਾਸਿੰਗ ਸਮੇਂ ਟਰੱਕ ਲੋਡਡ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ | ਇਸ ਦੌਰਾਨ ਬੱਸ ਯਾਤਰੀਆਂ ਦਾ ਪੂਰੀ ਤਰ੍ਹਾਂ ਨਾਲ ਬਚਾ ਰਿਹਾ ਜਿਸ ਤੋਂ ਬਾਅਦ ਯਾਤਰੀਆਂ ਨੂੰ ਦੂਜੀਆਂ ਬੱਸਾਂ ਰਾਹੀਂ ਕਟੜੇ ਨੂੰ ਰਵਾਨਾ ਕਰ ਦਿੱਤਾ ਗਿਆ | ਇਸੇ ਦੌਰਾਨ ਸੜਕ ਸੁਰੱਖਿਆ ਫੋਰਸ ਦੇ ਟੀਮ ਇੰਚਾਰਜ ਏ.ਐਸ.ਆਈ. ਚਰਨਜੀਤ ਸਿੰਘ ਹੋਰਾਂ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਰੋਡ ਕਲੀਅਰ ਕਰਵਾ ਕੇ ਆਵਾਜਾਈ ਬਹਾਲ ਕਰਵਾ ਦਿੱਤੀ ਗਈ ਹੈ ਅਤੇ ਮਾਮਲਾ ਭੰਗਾਲਾ ਚੌਂਕੀ ਦੇ ਹਵਾਲੇ ਕਰ ਦਿੱਤਾ ਹੈ |