29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਅੰਤਰਰਾਸ਼ਟਰੀ ਦਿਵਿਆਂਗ ਅਧਿਕਾਰ ਦਿਹਾੜੇ 'ਤੇ ਦਿਵਿਆਂਗਾਂ ਦੇ ਵਿਚਾਰ... <br/>

ਅਜੀਤ ਡੈਸਕ 03-12-2025
ਦਸੂਹਾ, 2 ਦਸੰਬਰ (ਭੁੱਲਰ)- ਦਿਵਿਆਂਗ ਦਿਵਸ ਜਿਸ ਨੂੰ ਅੰਤਰਰਾਸ਼ਟਰੀ ਦਿਵਿਆਂਗ ਅਧਿਕਾਰ ਦਿਵਸ ਵੀ ਕਿਹਾ ਜਾਂਦਾ ਹੈ | ਹਰ ਸਾਲ 3 ਦਸੰਬਰ ਨੂੰ ਮਨਾਇਆ ਜਾਂਦਾ ਹੈ | ਇਸ ਦਿਨ ਦਾ ਮੁੱਖ ਉਦੇਸ਼ ਦਿਵਿਆਂਗ ਲੋਕਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨਾ ਹੈ | ਇਸ ਸਬੰਧੀ ਵੱਖ-ਵੱਖ ਬੁੱਧੀਜੀਵੀ ਵਰਗ ਨੇ ਦਿਵਿਆਂਗਾ ਪ੍ਰਤੀ ਵਿਚਾਰ ਪੇਸ਼ ਕੀਤੇ ਹਨ |
ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਪ੍ਰਤੀ ਹਮਦਰਦੀ ਵਾਲੀ ਭਾਵਨਾ ਰੱਖੀ ਜਾਵੇ - ਹਰਮਿੰਦਰ ਕੌਰ
80 ਫ਼ੀਸਦੀ ਦਿਵਿਆਂਗ ਹਰਮਿੰਦਰ ਕੌਰ ਹੈੱਡ ਟੀਚਰ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਪ੍ਰਤੀ ਹਮਦਰਦੀ ਵਾਲੀ ਭਾਵਨਾ ਰੱਖਣੀ ਚਾਹੀਦੀ ਹੈ | ਉਨ੍ਹਾਂ ਕਿਹਾ ਅੰਤਰਰਾਸ਼ਟਰੀ ਦਿਵਿਆਂਗ ਅਧਿਕਾਰ ਦਿਵਸ ਨੂੰ ਮਨਾਉਣ ਦਾ ਇੰਤਜ਼ਾਮ ਸੰਯੁਕਤ ਰਾਸ਼ਟਰ (ਯੂ.ਐਨ.) ਦੁਆਰਾ ਕੀਤਾ ਜਾਂਦਾ ਹੈ, ਜਿਸ ਨੇ 1992 ਵਿਚ ਇਸ ਦਿਨ ਨੂੰ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਵਜੋਂ ਘੋਸ਼ਿਤ ਕੀਤਾ ਸੀ | ਇਸ ਦਿਨ ਦੇ ਮੌਕੇ 'ਤੇ, ਦੁਨੀਆ ਭਰ ਵਿਚ ਵੱਖ-ਵੱਖ ਪ੍ਰੋਗਰਾਮ ਅਤੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਦਿਵਿਆਂਗ ਲੋਕਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਭਲਾਈ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ | ਦਿਵਿਆਂਗ ਬੱਚਿਆਂ ਦੀਆਂ ਲੋੜਾਂ ਵੱਖ-ਵੱਖ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਉਮਰ, ਲੋੜਾਂ ਅਤੇ ਸਮਰੱਥਾਵਾਂ ਦੇ ਅਨੁਸਾਰ ਬਦਲਦੀਆਂ ਹਨ |
ਪੰਜਾਬ ਦੇ ਦਿਵਿਆਂਗਾਂ ਨੂੰ ਸਿੱਧੀ ਭਰਤੀ ਤੇ ਪ੍ਰਮੋਸ਼ਨ ਕੋਟਾ ਵੱਧ ਮਿਲੇ - ਸਹੋਤਾ
ਦਿਵਿਆਂਗ ਰਾਈਟਜ਼ ਐਕਟਵਿਸਟ ਜਸਵਿੰਦਰ ਸਿੰਘ ਸਹੋਤਾ ਨੇ ਜੋ ਕਿ ਖ਼ੁਦ 80 ਫ਼ੀਸਦੀ ਦਿਵਿਆਂਗ ਹਨ, ਨੇ ਕਿਹਾ ਕਿ ਦਿਵਿਆਂਗ ਸਮਾਜ ਦਾ ਸਭ ਤੋਂ ਸਰੀਰਕ, ਆਰਥਿਕ, ਰਾਜਨੀਤਿਕ ਅਤੇ ਸਭਿਆਚਾਰਕ ਤੌਰ 'ਤੇ ਪਛੜਿਆ ਹੋਇਆ ਵਰਗ ਹੈ | ਦਿਵਿਆਂਗਾਂ ਨੂੰ ਸਮਾਜ ਵਿਚ ਸਥਾਪਤ ਹੋਣ ਲਈ ਰੁਕਾਵਟਾਂ ਮੁਕਤ ਮਾਹੌਲ ਮਿਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦਿਵਿਆਂਗ ਕਰਮਚਾਰੀਆਂ/ਅਧਿਕਾਰੀਆਂ ਨੂੰ ਪ੍ਰਮੋਸ਼ਨ ਵਿਚ 3 ਫ਼ੀਸਦੀ ਰਾਖਵਾਂਕਰਨ ਮਿਤੀ 06.03.2011 ਤੋਂ ਦਿੱਤਾ ਹੈ | ਜਦੋਂ ਕਿ ਪਰਸਨਜ਼ ਵਿਦ ਡਿਸਏਬਲਟੀ ਐਕਟ 01.01.1996 ਤੋਂ ਲਾਗੂ ਹੋ ਗਿਆ ਸੀ | ਇਸ ਤੋਂ ਇਲਾਵਾ ਪ੍ਰਮੋਸ਼ਨ ਅਤੇ ਸਿੱਧੀ ਭਰਤੀ ਵਿਚ 4 ਫ਼ੀਸਦੀ ਦਿਵਿਆਂਗਤਾ ਕੋਟਾ 06.08.2019 ਤੋਂ ਲਾਗੂ ਕੀਤਾ ਗਿਆ ਸੀ, ਜਦੋਂ ਕਿ ਦੇਸ਼ ਭਰ ਵਿਚ ਦਿਵਿਆਂਗਾਂ ਦੇ ਅਧਿਕਾਰ ਐਕਟ 2016 ਮਿਤੀ 19.04.2017 ਤੋਂ ਲਾਗੂ ਹੋ ਗਿਆ ਸੀ | ਉਨ੍ਹਾਂ ਕਿਹਾ ਕਿ ਅਸਲ ਵਿਚ ਦਿਵਿਆਂਗਾਂ ਦੀ ਨਵੀਂ ਭਰਤੀ ਤੇ ਦਿਵਿਆਂਗ ਕਰਮਚਾਰੀਆਂ/ ਅਧਿਕਾਰੀਆਂ ਦੀ ਪ੍ਰਮੋਸ਼ਨ ਦਾ ਕੋਟਾ 01.01.1996 ਤੋਂ 3 ਫ਼ੀਸਦੀ ਅਤੇ 19.04.2017 ਤੋਂ 4 ਫ਼ੀਸਦੀ ਬਣਦਾ ਹੈ |
ਦਿਵਿਆਂਗਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਵੇ - ਸੁਖਜਿੰਦਰ ਸਿੰਘ
75 ਫ਼ੀਸਦੀ ਦਿਵਿਆਂਗ ਸੁਖਜਿੰਦਰ ਸਿੰਘ ਈ. ਟੀ. ਟੀ. ਅਧਿਆਪਕ ਨੇ ਕਿਹਾ ਕਿ ਦਿਵਿਆਂਗ ਸਰੀਰਕ ਤੌਰ 'ਤੇ ਪਛੜੇ ਹੋਣ ਕਾਰਨ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਦੀਆਂ ਸਕੀਮਾਂ ਤੋਂ ਬੇਖ਼ਬਰ ਰਹਿੰਦੇ ਹਨ | ਇਸ ਦਿਨ ਦੇ ਮੌਕੇ 'ਤੇ ਲੋਕਾਂ ਨੂੰ ਦਿਵਿਆਂਗ ਲੋਕਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਭਲਾਈ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣ ਤਾਂ ਜੋ ਦਿਵਿਆਂਗ ਸਰਕਾਰੀ ਸਕੀਮਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਸੁਖਾਲਾ ਬਣਾ ਸਕਣ |
ਵਿਕਸਤ ਸਮਾਜ ਦੇ ਗਠਨ ਲਈ ਦਿਵਿਆਂਗਾਂ ਦੀ ਸ਼ਮੂਲੀਅਤ ਜ਼ਰੂਰੀ - ਨੀਲਮ
75 ਫ਼ੀਸਦੀ ਦਿਵਿਆਂਗਤਾ ਨਾਲ ਜੂਝ ਰਹੀ ਨੀਲਮ ਪੰਜਾਬੀ ਮਿਸਟਰੈਸ ਨੇ ਕਿਹਾ ਕਿ ਵਿਕਸਤ ਸਮਾਜ ਦੀ ਸਥਾਪਨਾ ਲਈ ਦਿਵਿਆਂਗਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ | ਜ਼ਿਆਦਾਤਰ ਦਿਵਿਆਂਗ ਆਪਣੀਆਂ ਸਰੀਰਕ ਸਮੱਸਿਆਵਾਂ ਕਾਰਨ ਸਮਾਜਿਕ ਕੰਮਾਂ/ਸਮਾਗਮਾਂ 'ਚ ਸ਼ਾਮਿਲ ਹੋਣ ਤੋਂ ਅਸਮਰਥ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਜੀਵਨ ਵਿਚ ਨਿਰਾਸ਼ਾ ਆ ਜਾਂਦੀ ਹੈ | ਇਸ ਲਈ ਸਾਰੀ ਸਮਾਜਿਕ ਕੰਮਾਂ/ਸਮਾਗਮਾਂ 'ਚ ਦਿਵਿਆਂਗਾਂ ਦੀ ਸ਼ਮੂਲੀਅਤ ਯਕੀਨਨ ਹੋਣੀ ਚਾਹੀਦੀ ਹੈ ਤਾਂ ਜੋ ਵਿਕਸਿਤ ਸਮਾਜ ਦੀ ਸਥਾਪਨਾ ਹੋ ਸਕੇ |

ਪਿਛਲੀ ਖ਼ਬਰ ਕੰਬਾਇੰਡ ਐਨੂਅਲ ਟੇ੍ਰਨਿੰਗ ਕੈਂਪ 'ਚ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਐਨ.ਸੀ.ਸੀ. ਕੈਡਿਟਸ ਦਾ ਸ਼ਾਨਦਾਰ ਪ੍ਰਦਰਸ਼ਨ <br/>... ਅਗਲੀ ਖ਼ਬਰ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਵਿਖੇ 'ਵਿਸ਼ਵ ਏਡਜ਼ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।