ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਲਿਮ: ਦੇ ਮੁੱਖ ਦਫ਼ਤਰ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਸਹਿਕਾਰੀ ਹਫ਼ਤਾ ਮਨਾਇਆ ਗਿਆ | ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡੀ.ਡੀ.ਐਮ. ਨਬਾਰਡ ਰਜਤ ਛਾਬੜਾ ਨੇ ਦੱਸਿਆ ਕਿ ਸਾਲ 2025 ਨੂੰ ਅੰਤਰਰਾਸ਼ਟਰੀ ਸਹਿਕਾਰਤਾ ਸਾਲ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਦਾ ਮੰਤਵ ਜਿਹੜੇ ਵੱਖ-ਵੱਖ ਕੋਆਪ੍ਰੇਟਿਵ ਅਦਾਰਿਆਂ ਦੇ ਮੈਂਬਰ ਅਜੇ ਤੱਕ ਕੋਆਪ੍ਰੇਟਿਵ ਬੈਂਕ ਨਾਲ ਨਹੀਂ ਜੁੜੇ ਹਨ, ਉਨ੍ਹਾਂ ਨੂੰ ਕੋਆਪ੍ਰੇਟਿਵ ਬੈਂਕਾਂ ਨਾਲ ਜੋੜਨਾ ਹੈ | ਉਨ੍ਹਾਂ ਸੁਝਾਅ ਦਿੱਤਾ ਜੇਕਰ ਨਵੀਆਂ ਸਭਾਵਾਂ ਬਣਾਈਆਂ ਜਾਣ ਤਾਂ ਉਨ੍ਹਾਂ ਸਭਾਵਾਂ ਦੇ ਮੈਂਬਰਾਂ ਨੂੰ ਕੋਆਪ੍ਰੇਟਿਵ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਬੈਂਕ ਨਾਲ ਜੋੜਿਆ ਜਾ ਸਕਦਾ ਹੈ | ਇਸ ਮੌਕੇ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੀ ਮੌਜੂਦ ਸਨ | ਇਸ ਮੌਕੇ ਬੈਂਕ ਦੇ ਜ਼ਿਲ੍ਹਾ ਮੈਨੇਜਰ ਲਖਬੀਰ ਸਿੰਘ ਨੇ ਦੱਸਿਆ ਕਿ ਕੋਆਪ੍ਰੇਟਿਵ ਬੈਂਕਾਂ ਵਲੋਂ ਵੱਖ-ਵੱਖ ਕਰਜ਼ਾ ਸਕੀਮਾਂ ਡੇਅਰੀ ਕਰਜ਼, ਕਾਓ ਕਰਜ਼, ਈ-ਰਿਕਸ਼ਾ ਕਰਜ਼, ਜੁਆਇੰਟ ਲਾਇਬਿਲਟੀਜ਼ ਗਰੁੱਪ ਸਕੀਮ, ਵਹੀਕਲ ਕਰਜ਼ਾ ਸਕੀਮ, ਪਰਸਨਲ ਕਰਜ਼ਾ ਸਕੀਮ, ਹਾਊਸ ਬਿਲਡਿੰਗ ਕਰਜ਼ਾ ਸਕੀਮ ਅਤੇ ਹੋਰ ਕਰਜ਼ਾ ਸਕੀਮਾਂ ਤਹਿਤ ਕਰਜ਼ੇ ਜਾਰੀ ਕੀਤੇ ਜਾ ਰਹੇ ਹਨ | ਕੋਆਪ੍ਰੇਟਿਵ ਬੈਂਕਾਂ ਵਲੋਂ ਕਰਜ਼ੇ ਜਾਰੀ ਕਰਨ ਨਾਲ ਜਿੱਥੇ ਬੈਂਕ ਦੇ ਕਾਰੋਬਾਰ 'ਚ ਵਾਧਾ ਹੁੰਦਾ ਹੈ, ਉੱਥੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਅਤੇ ਉਨ੍ਹਾਂ ਦਾ ਜੀਵਨ ਪੱਧਰ ਵੀ ਉੱਚਾ ਹੁੰਦਾ ਹੈ | ਇਸ ਮੌਕੇ ਮਿਲਕਫੈੱਡ ਦੇ ਅਧਿਕਾਰੀ ਸੋਹਣ ਲਾਲ ਨੇ ਦੱਸਿਆ ਕਿ ਜੋ ਛੋਟੇ ਕਿਸਾਨ ਹਨ, ਉਹ ਖੇਤੀ ਦੇ ਨਾਲ-ਨਾਲ ਡੇਅਰੀ ਦਾ ਕੰਮ ਵੀ ਕਰ ਰਹੇ ਹਨ | ਹੁਸ਼ਿਆਰਪੁਰ ਜ਼ਿਲ੍ਹੇ 'ਚ 270 ਮਿਲਕ ਸਭਾਵਾਂ ਹਨ, ਜਿਨ੍ਹਾਂ ਦੇ ਤਕਰੀਬਨ 15 ਹਜ਼ਾਰ ਮੈਂਬਰ ਹਨ, ਜੋ ਦੁੱਧ ਦੇ ਕਾਰੋਬਾਰ ਰਾਹੀਂ ਚੋਖਾ ਮੁਨਾਫ਼ਾ ਕਮਾ ਰਹੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਅਤੇ ਡੇਅਰੀ ਹੈ, ਉਹ ਦੁੱਧ ਦਾ ਕਾਰੋਬਾਰ ਜ਼ਰੂਰ ਕਰਨ | ਇਸ ਮੌਕੇ ਮਾਰਕਫੈੱਡ ਦੇ ਅਧਿਕਾਰੀ ਬਿ੍ਜ ਭੂਸ਼ਨ ਨੇ ਦੱਸਿਆ ਕਿ ਮਾਰਕਫੈੱਡ ਏਸ਼ੀਆ ਦਾ ਸਭ ਤੋਂ ਵੱਡਾ ਅਦਾਰਾ ਹੈ | ਇਸ ਵਲੋਂ ਤਿਆਰ ਕੀਤੇ ਜਾਂਦੇ ਪ੍ਰੋਡਕਟ ਬਹੁਤ ਵਧੀਆ ਕੁਆਲਿਟੀ ਦੇ ਹੁੰਦੇ ਹਨ ਜਿਨ੍ਹਾਂ ਦਾ ਮਾਰਕੀਟ 'ਚ ਬਹੁਤ ਮੰਗ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦਾ ਸਰ੍ਹੋਂ ਦਾ ਤੇਲ ਪੀ-ਮਾਰਕਾ ਤੋਂ ਵੀ ਵਧੀਆ ਹੈ ਤੇ ਡਾਲਡੇ ਘਿਓ ਦੀ ਵੀ ਬਹੁਤ ਮੰਗ ਹੈ | ਮਾਰਕਫੈੱਡ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਖਾਦ ਅਤੇ ਦਵਾਈਆਂ ਆਦਿ ਵੀ ਸਪਲਾਈ ਕਰਦਾ ਹੈ | ਇਸ ਮੌਕੇ ਕੋਆਪ੍ਰੇਟਿਵ ਬੈਂਕ ਦੇ ਅਧਿਕਾਰੀਆਂ ਵਲੋਂ ਮਿਲਕਫੈੱਡ ਦੇ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਜੋ ਮਿਲਕ ਸਪਲਾਈ ਸਭਾਵਾਂ ਹਨ, ਉਨ੍ਹਾਂ ਦੇ ਮੈਂਬਰਾਂ ਦੇ ਖਾਤੇ ਕੋਆਪ੍ਰੇਟਿਵ ਬੈਂਕਾਂ ਵਿਚ ਖੁਲ੍ਹਵਾਏ ਜਾਣ ਤਾਂ ਜੋ ਉਨ੍ਹਾਂ ਮੈਂਬਰਾਂ ਨੂੰ ਮੌਕੇ 'ਤੇ ਹੀ ਪੇਮੈਂਟ ਹੋ ਸਕੇ | ਇਸ ਮੌਕੇ ਮਨਮਿੰਦਰ ਸੀਨੀਅਰ ਮੈਨੇਜਰ, ਵਿਨੋਦ ਖੰਨਾ ਸੀਨੀਅਰ ਮੈਨੇਜਰ, ਸੁਖਵੀਰ ਸਿੰਘ ਮੈਨੇਜਰ, ਸੋਮ ਨਾਥ ਮੈਨੇਜਰ, ਬਲਦੇਵ ਸਿੰਘ ਸਹਾਇਕ ਮੈਨੇਜਰ, ਬਿ੍ਜ ਲਾਲ ਸਹਾਇਕ ਮੈਨੇਜਰ, ਵਰਿੰਦਰ ਬਿਕਰਮ ਸਿੰਘ ਸਹਾਇਕ ਮੈਨੇਜਰ, ਮੋਹਿਤ ਕੁੰਦਰਾ ਕੇਅਰਟੇਕਰ, ਆਈ.ਟੀ.ਓ. ਨਮਨ ਮਲਹੋਤਰਾ ਤੋਂ ਇਲਾਵਾ ਵੱਡੀ ਗਿਣਤੀ 'ਚ ਬੈਂਕ ਮੁਲਾਜ਼ਮ, ਪੈਕਸ ਕੰਪਿਊਟਰਾਈਜੇਸ਼ਨ ਟੀਮ ਸਟਾਫ਼ ਅਤੇ ਜੁਆਇੰਟ ਲਾਇਬਿਲਟੀਜ਼ ਗਰੁੱਪਾਂ ਦੇ ਮੈਂਬਰ ਹਾਜ਼ਰ ਸਨ |