ਹੁਸ਼ਿਆਰਪੁਰ, 6 ਨਵੰਬਰ (ਨਰਿੰਦਰ ਸਿੰਘ ਬੱਡਲਾ)-ਪਿੰਡ ਚੱਕ ਸਾਧੂ ਵਿਖੇ ਇਕ ਪ੍ਰਾਚੀਨ ਜਗ੍ਹਾ ਜਿੱਥੇ ਆਲੇ ਦੁਆਲੇ ਦੇ ਪੰਜ ਪਿੰਡ ਅਤੇ ਇਲਾਕਾ ਵਾਸੀ ਸ਼ਿਵਰਾਤਰੀ ਵਾਲੇ ਦਿਨ ਭਾਰੀ ਮੇਲਾ ਲਗਾਉਂਦੇ ਹਨ ਪਰ ਇਸ ਸਥਾਨ 'ਤੇ ਮੰਦਿਰ ਦੀ ਕੋਈ ਇਮਾਰਤ ਨਹੀਂ ਸੀ | ਪਿੰਡ ਦੇ ਸਰਪੰਚ ਰਾਜ ਕੁਮਾਰ ਅਤੇ ਪ੍ਰਬੰਧਕ ਜੋਗਿੰਦਰ ਪਾਲ ਨੇ ਦੱਸਿਆ ਕਿ ਇਸ ਜਗ੍ਹਾ ਤੇ ਕਿਸੇ ਸਮੇਂ ਪ੍ਰਾਚੀਨ ਸ਼ਿਵ ਮੰਦਿਰ ਸੀ ਅਤੇ ਇਹ ਵੀ ਮਾਨਤਾ ਹੈ ਕਿ ਇਸ ਧਰਤੀ ਨੂੰ ਪਾਂਡਵ ਭਰਾਵਾਂ ਦੀ ਵੀ ਚਰਨ ਛੋਹ ਪ੍ਰਾਪਤ ਹੈ | ਉਨ੍ਹਾਂ ਦੱਸਿਆ ਕਿ ਕਾਫ਼ੀ ਲੰਬੇ ਸਮੇਂ ਤੋਂ ਉਹ ਮੰਦਿਰ ਦੀ ਉਸਾਰੀ ਕਰਨਾ ਚਾਹੁੰਦੇ ਸਨ ਜਿਸ ਲਈ ਉਨ੍ਹਾਂ ਹੋਮ ਵਾਰ ਹੋਮਲੈਸ ਦੇ ਸੰਚਾਲਕ ਵਰਿੰਦਰ ਸਿੰਘ ਪਰਹਾਰ ਨਾਲ ਸੰਪਰਕ ਕੀਤਾ ਅਤੇ ਅੱਜ ਇਸ ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ | ਇਸ ਮੌਕੇ ਵਰਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਨੂੰ ਇਸ ਮੰਦਿਰ ਦੇ ਬਣਾਉਣ ਦੀ ਸੇਵਾ ਮਿਲੀ ਹੈ | ਉਨ੍ਹਾਂ ਇਸ ਸ਼ੁੱਭ ਕਾਰਜ ਲਈ ਯੋਗਦਾਨ ਪਾਉਣ ਵਾਲੇ ਅੰਕੁਸ਼ ਗਰਗ ਅਤੇ ਸਤੀਸ਼ ਵਰਮਾ ਦਾ ਧੰਨਵਾਦ ਕੀਤਾ | ਇਸ ਮੌਕੇ ਪਿੰਡ ਦੀਆਂ ਸੰਗਤਾਂ ਤੇ ਇਲਾਕਾ ਵਾਸੀ ਹਾਜ਼ਰ ਸਨ |