ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਬੀਤੀ ਸ਼ਾਮ ਪਿੰਡ ਬਾੜੀਆਂ ਕਲਾਂ ਵਿਖੇ ਪਿੰਡ ਦੀ ਸੁੱਖ-ਸ਼ਾਂਤੀ ਲਈ ਸਨਾਤਨ ਧਰਮ ਸਭਾ ਵਲੋਂ ਪ੍ਰਧਾਨ ਵਿਨੋਦ ਕੁਮਾਰ ਹਾਂਡਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਵਨ ਯੱਗ ਨੂੰ ਥਾਣਾ ਚੱਬੇਵਾਲ ਦੀ ਪੁਲਿਸ ਨੇ ਜ਼ਬਰਦਸਤੀ ਰੋਕ ਦਿੱਤਾ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਅਤੇ ਇਸ ਦੌਰਾਨ ਪੁਲਿਸ ਨੇ ਸਾਬਕਾ ਸਰਪੰਚ ਦਾ ਫ਼ੋਨ ਵੀ ਖੋਹ ਲਿਆ | ਇਸ ਸਬੰਧੀ ਅੱਜ ਭਾਜਪਾ ਵਲੋਂ ਵਿਸ਼ੇਸ਼ ਪੈੱ੍ਰਸ ਕਾਨਫ਼ਰੰਸ ਕੀਤੀ, ਜਿਸ 'ਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਕੌਮੀ ਕੌਂਸਲ ਦੇ ਮੈਂਬਰ ਡਾ: ਦਿਲਬਾਗ ਰਾਏ, ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਵਲੋਂ ਪਿੰਡਾਂ 'ਚ ਕਰਵਾਈਆਂ ਜਾ ਰਹੀਆਂ ਧਾਰਮਿਕ ਰਸਮਾਂ ਨੂੰ ਵੀ ਪੁਲਿਸ ਦੀ ਸਹਾਇਤਾ ਨਾਲ ਰੋਕਣਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਸਪਸ਼ਟ ਹੋ ਗਿਆ ਹੈ ਪੰਜਾਬ ਦੀ 'ਆਪ' ਸਰਕਾਰ ਲੋਕਾਂ ਦੀ ਧਾਰਮਿਕ ਆਜ਼ਾਦੀ ਵੀ ਖੋਹ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਬਾੜੀਆਂ ਕਲਾਂ, ਮੌਤੀਆਂ ਅਤੇ ਬਾੜੀਆਂ ਖ਼ੁਰਦ ਦੀਆਂ ਪੰਚਾਇਤਾਂ ਵਲੋਂ 10 ਤੋਂ 16 ਨਵੰਬਰ ਤੱਕ ਸ੍ਰੀ ਕਿ੍ਸ਼ਨ ਰਾਸ ਲੀਲ੍ਹਾ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਵਿਚ ਹੀ ਇਕ ਹੋਰ ਧੜੇ ਵਲੋਂ ਵੀ ਸ੍ਰੀ ਕਿ੍ਸ਼ਨ ਲੀਲ੍ਹਾ ਮੇਲਾ ਕਰਵਾਇਆ ਜਾ ਰਿਹਾ ਸੀ, ਪ੍ਰੰਤੂ ਵਿਰੋਧੀ ਕਮੇਟੀ ਨੇ ਤਾਰੀਖ਼ਾਂ ਬਦਲ ਕੇ ਉਨ੍ਹਾਂ ਦੇ ਸਮਾਂਤਰ ਕਰ ਲਈਆਂ ਅਤੇ ਉਨ੍ਹਾਂ ਵਲੋਂ ਕਰਵਾਈ ਜਾ ਰਹੀ ਰਾਸ ਲੀਲ੍ਹਾ ਨੂੰ ਰੋਕਣ ਲਈ ਪੁਲਿਸ ਅਤੇ ਰਾਜਸੀ ਦਬਾਅ ਪਾਉਣਾ ਸ਼ੁਰੂ ਕਰਕੇ ਉਨ੍ਹਾਂ ਦੇ ਸਮਾਗਮਾਂ ਨੂੰ ਰੋਕਿਆ ਜਾ ਰਿਹਾ ਹੈ | ਪਿੰਡ ਦੇ ਵਾਸੀਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਹਰ ਸਾਲ ਦੀ ਤਰਾਂ ਧਰਤੀ ਪੂਜਨ ਕਰ ਰਹੇ ਸਨ ਤਾਂ ਥਾਣਾ ਮੁਖੀ ਚੱਬੇਵਾਲ ਨੇ ਆ ਕੇ ਉਨ੍ਹਾਂ ਦਾ ਸਮਾਗਮ ਰੋਕ ਦਿੱਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਰਾਸ ਲੀਲ੍ਹਾ ਕਰਵਾਉਣ ਲਈ ਮਥੁਰਾ, ਬਰਿੰਦਾਵਨ ਤੋਂ ਪਾਰਟੀਆਂ ਵੀ ਸੱਦ ਲਈਆਂ ਹਨ | ਉਨ੍ਹਾਂ ਦੱਸਿਆ ਕਿ 28 ਅਕਤੂਬਰ ਨੰੂ ਉਨ੍ਹਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਆਗਿਆ ਲਈ ਅਰਜ਼ੀ ਵੀ ਦਿੱਤੀ, ਪ੍ਰੰਤੂ ਉਨ੍ਹਾਂ ਨੂੰ ਰਾਜਸੀ ਦਬਾਅ ਕਾਰਨ ਆਗਿਆ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਗੜ੍ਹਸ਼ੰਕਰ ਨੇ ਆਗਿਆ ਲਈ ਅਰਜ਼ੀ ਥਾਣਾ ਚੱਬੇਵਾਲ ਨੂੰ ਭੇਜ ਦਿੱਤੀ, ਪ੍ਰੰਤੂ ਥਾਣਾ ਮੁਖੀ ਉਨ੍ਹਾਂ 'ਤੇ ਦਬਾਅ ਪਾ ਰਿਹਾ ਹੈ | ਇਸ ਸਬੰਧੀ ਥਾਣਾ ਮੁਖੀ ਮਨਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਹਵਨ ਯੱਗ ਪੂਰਾ ਕਰਵਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਉੱਪਰੋਂ ਦਬਾਅ ਹੈ, ਉਹ ਕੁੱਝ ਨਹੀਂ ਕਰ ਸਕਦੇ | ਇਸ ਮੌਕੇ ਵਿਨੋਦ ਕੁਮਾਰ ਹਾਂਡਾ ਪ੍ਰਧਾਨ, ਮਨਜੀਤ ਕੌਰ ਸਰਪੰਚ ਬਾੜੀਆਂ ਕਲਾਂ, ਸਾਬਕਾ ਸਰਪੰਚ ਅੰਜੂ ਹੰਸ, ਸੁਧੀਰ ਅਗਨੀਹੋਤਰੀ, ਰਾਜ ਕੁਮਾਰ, ਗੁਰਦੀਪ ਕੁਮਾਰ, ਨਰੰਤਰ ਭੂਸ਼ਨ ਹਾਂਡਾ, ਅੰਕੁਸ਼ ਅਗਨੀਹੋਤਰੀ ਮੌਤੀਆਂ, ਗੋਪਾਲ , ਪਵਨ ਬਾਂਸਲ, ਨੀਲਮ ਬਾਂਸਲ, ਦਵਿੰਦਰ ਕੁਮਾਰ, ਹਰੀਸ਼ ਹਾਂਡਾ, ਮੋਹਿਤ ਹਾਂਡਾ, ਡਾ ਧਰੁਵ ਕੁਮਾਰ, ਪੰਡਿਤ ਗੁੱਡੂ, ਪੰਕਜ ਹਾਂਡਾ ਜੌਹਨੀ, ਰਾਜੀਵ ਬਾਂਸਲ, ਰਾਕੇਸ਼ ਬਾਂਸਲ ਆਦਿ ਪਿੰਡ ਵਾਸੀ ਹਾਜ਼ਰ ਸਨ |