ਹੁਸ਼ਿਆਰਪੁਰ, 6 ਨਵੰਬਰ (ਹਰਪ੍ਰੀਤ ਕੌਰ)-ਸਿਖਿਆ ਦੇ ਖੇਤਰ ਵਿਚ ਮੋਹਰੀ ਮੰਨੇ ਜਾਂਦੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇਸ ਵੇਲੇ ਨਾ ਤਾਂ ਜ਼ਿਲ੍ਹਾ ਸਿਖਿਆ ਅਧਿਕਾਰੀ (ਸੈਕੰਡਰੀ) ਅਤੇ ਨਾ ਹੀ (ਐਲੀਮੈਂਟਰੀ) ਤੈਨਾਤ ਹੈ | ਪਿਛਲੇ ਸਿਖਿਆ ਅਧਿਕਾਰੀ ਲਲਿਤਾ ਅਰੋੜਾ ਦੀ 31 ਅਕਤੂਬਰ ਨੂੰ ਹੋਈ ਸੇਵਾ ਮੁਕਤੀ ਤੋਂ ਬਾਅਦ ਸਰਕਾਰ ਨੇ ਅਜੇ ਤੱਕ ਕਿਸੇ ਅਧਿਕਾਰੀ ਦੀ ਇਨ੍ਹਾਂ ਪੋਸਟਾਂ 'ਤੇ ਨਿਯੁਕਤੀ ਨਹੀਂ ਕੀਤੀ | ਸ੍ਰੀਮਤੀ ਅਰੋੜਾ ਕੋਲ ਸੈਕੰਡਰੀ ਅਤੇ ਐਲੀਮੈਂਟਰੀ ਦੋਹਾਂ ਵਿਭਾਗਾਂ ਦੇ ਚਾਰਜ ਸਨ | ਉਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਇਹ ਦੋਵੇਂ ਪਦ ਖਾਲੀ ਹੋ ਗਏ ਹਨ | ਹੈਰਾਨੀ ਦੀ ਗੱਲ ਹੈ ਕਿ ਇੰਨੇ ਮਹੱਤਵਪੂਰਨ ਅਹੁਦਿਆਂ ਨੂੰ ਭਰਨ ਲਈ ਅਜੇ ਤੱਕ ਕੋਈ ਚਾਰਾਗੋਈ ਨਹੀਂ ਹੋਈ | ਇਸ ਦਾ ਕੀ ਕਾਰਨ ਹੈ, ਇਸ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ | ਸਕੱਤਰ ਸਿਖਿਆ ਅਨੰਦਿਤਾ ਮਿੱਤਰਾ ਅਤੇ ਡੀ.ਪੀ.ਆਈ (ਸ) ਗੁਰਵਿੰਦਰ ਸਿੰਘ ਸੋਢੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੋਹਾਂ ਨੇ ਫ਼ੋਨ ਨਹੀਂ ਚੁੱਕਿਆ | ਜ਼ਿਲ੍ਹਾ ਹੁਸ਼ਿਆਰਪੁਰ ਵਿਚ 21 ਸਿਖਿਆ ਬਲਾਕ ਹਨ | ਸੈਕੰਡਰੀ ਅਤੇ ਐਲੀਮੈਂਟਰੀ ਸਕੂਲਾਂ ਦੀ ਗਿਣਤੀ ਦੋ ਹਜ਼ਾਰ ਦੇ ਕਰੀਬ ਹੈ | ਇਹ ਵਰਣਨਯੋਗ ਹੈ ਕਿ ਜ਼ਿਲ੍ਹਾ ਸਿਖਿਆ ਅਧਿਕਾਰੀ ਆਪਣੇ ਵਿਭਾਗ ਦੇ ਪ੍ਰਬੰਧਨ ਦਾ ਓਵਰਆਲ ਮੁਖੀ ਹੈ ਜਿਸ ਨੇ ਸਰਕਾਰੀ ਪਾਲਸੀਆਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਵਾਉਣਾ ਹੁੰਦਾ ਹੈ | ਸਕੂਲਾਂ ਦੀ ਕਾਰਗੁਜ਼ਾਰੀ ਨੂੰ ਸੁਪਰਵਾਈਜ਼ ਕਰਨਾ, ਵਿਕਾਸ ਕਰਾਉਣਾ, ਬਜਟ ਖਰਚਣਾ, ਸਟਾਫ਼ ਦੀਆਂ ਨਿਯੁਕਤੀਆਂ ਅਤੇ ਸਿਖਿਆ ਨਾਲ ਸਬੰਧਤ ਹੋਰ ਮਸਲਿਆਂ ਨੂੰ ਹੱਲ ਕਰਨ ਦੀ ਜਿੰਮੇਵਾਰੀ ਵੀ ਜ਼ਿਲ੍ਹਾ ਮੁਖੀ ਦੀ ਹੁੰਦੀ ਹੈ | ਪਿਛਲੇ ਲਗਭਗ ਇਕ ਹਫ਼ਤੇ ਤੋਂ ਦੋਵੇਂ ਕੁਰਸੀਆਂ ਖਾਲੀ ਹੋਣ ਕਾਰਨ ਮਹਿਕਮੇ ਦੇ ਸਟਾਫ਼ ਨੂੰ ਕਾਫ਼ੀ ਤੰਗੀ ਮਹਿਸੂਸ ਹੋ ਰਹੀ ਹੈ |