20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੜ੍ਹਸ਼ੰਕਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨਾਲੋਂ ਤੋੜਨ ਦੇ ਵਿਰੋਧ 'ਚ ਰਾਜਸੀ ਪਾਰਟੀਆਂ ਹੋਈਆਂ ਇੱਕਜੁੱਟ <br/>

ਅਜੀਤ ਡੈਸਕ 07-11-2025

ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਗੜ੍ਹਸ਼ੰਕਰ ਦੇ ਪਿੰਡਾਂ ਨੂੰ ਪੰਜਾਬ ਸਰਕਾਰ ਵਲੋਂ ਨਵੇਂ ਪ੍ਰਸਤਾਵਿਤ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਅਤੇ ਹੋਰਨਾਂ ਜਥੇਬੰਦੀਆਂ ਵਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ | ਇਸ ਸਬੰਧੀ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੱਦੇ 'ਤੇ ਬਾਰ ਰੂਮ ਹੁਸ਼ਿਆਰਪੁਰ ਵਿਖੇ ਸਰਬ-ਪਾਰਟੀ ਵਿਸ਼ੇਸ਼ ਇਕੱਤਰਤਾ ਕੀਤੀ ਗਈ, ਜਿਸ 'ਚ ਵੱਖ-ਵੱਖ ਰਾਜਸੀ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸਮੂਹ ਨੁਮਾਇੰਦਿਆਂ ਨੇ ਇਕ ਸੁਰ 'ਚ ਕਿਹਾ ਕਿ ਸਰਕਾਰ ਵਲੋਂ ਨਵੇਂ ਬਣਾਏ ਜਾ ਰਹੇ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਪ੍ਰੰਤੂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਨੂੰ ਕੱਟ ਕੇ ਨਵੇਂ ਜ਼ਿਲ੍ਹੇ ਨਾਲ ਜੋੜਨਾ ਕਿਸੇ ਤਰ੍ਹਾਂ ਵੀ ਨਿਆਂ-ਸੰਗਤ ਨਹੀਂ ਹੈ, ਕਿਉਂਕਿ ਪਹਿਲਾਂ ਹੀ ਹੁਸ਼ਿਆਰਪੁਰ ਜ਼ਿਲ੍ਹਾ ਬਹੁਤ ਛੋਟਾ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਰਾਏ ਵੀ ਇਹ ਹੀ ਹੈ ਕਿ ਜ਼ਿਲ੍ਹੇ ਨੂੰ ਹੋਰ ਛੋਟਾ ਨਾ ਕੀਤਾ ਜਾਵੇ | ਇਸ ਮੌਕੇ ਬੋਲਦਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਆਗੂ ਸੋਮ ਪ੍ਰਕਾਸ਼ ਨੇ ਕਿਹਾ ਕਿ ਸਰਕਾਰ ਵਲੋਂ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਚਰਚਾ ਚੱਲ ਰਹੀ ਹੈ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁੱਝ ਇਲਾਕੇ ਨੂੰ ਤੋੜ ਕੇ ਉਸ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਅਤੇ ਹੋਰਨਾਂ ਜਥੇਬੰਦੀਆਂ ਵਲੋਂ ਜੋ ਇਸ ਨੂੰ ਰੋਕਣ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਹੈ, ਉਸ ਨੂੰ ਜਨ-ਸੰਘਰਸ਼ ਬਣਾਉਣ ਦੀ ਲੋੜ ਹੈ, ਤਾਂ ਜੋ ਸਰਕਾਰ ਨੂੰ ਇਸ ਕੰਮ ਤੋਂ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ ਲੋਕ ਜਾਗਰੂਕ ਹੋ ਕੇ ਸੰਘਰਸ਼ 'ਚ ਕੁੱਦਣਗੇ ਤਾਂ ਹੀ ਇਹ ਸਫਲ ਹੋਵੇਗਾ | ਇਸ ਮੌਕੇ ਬੋਲਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਤੇ ਸਾਬਕਾ ਸਾਂਸਦ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਜਿਨ੍ਹਾਂ ਪਿੰਡਾਂ ਨੂੰ ਪ੍ਰਸਤਾਵਿਤ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ, ਉੱਥੋਂ ਦੇ ਵਾਸੀ ਭਾਵਨਾਤਮਿਕ ਤੌਰ 'ਤੇ ਹੁਸ਼ਿਆਰਪੁਰ ਨਾਲ ਜੁੜੇ ਹੋਏ ਹਨ ਅਤੇ ਉਹ ਖ਼ੁਦ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਨਵੇਂ ਬਣ ਰਹੇ ਜ਼ਿਲ੍ਹੇ ਨਾਲ ਜੋੜਿਆ ਜਾਵੇ | ਉਨ੍ਹਾਂ ਕਿਹਾ ਕਿ ਬਸਪਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਜੁੜਿਆ ਜ਼ਿਲ੍ਹਾ ਬਣਾਉਣ ਦਾ ਸਵਾਗਤ ਕਰਦੀ ਹੈ, ਪ੍ਰੰਤੂ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਹੋਰ ਛੋਟਾ ਕਰਨਾ ਉਚਿੱਤ ਨਹੀਂ ਹੈ | ਇਸ ਮੌਕੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਏ ਜਾਣ ਦਾ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਪ੍ਰੰਤੂ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੋਟਾ ਕਰਨਾ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਭਾਜਪਾ ਇਸ ਦਾ ਡਟ ਕੇ ਵਿਰੋਧ ਕਰੇਗੀ | ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਜੇਕਰ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਚਾਹੁੰਦੀ ਹੈ ਤਾਂ ਭਾਜਪਾ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਪੰਜਾਬ ਸਰਕਾਰ ਨੂੰ ਇਹ ਗੱਲ ਸਾਫ਼ ਕਰਨੀ ਚਾਹੀਦੀ ਹੈ ਕਿ ਨਵੇਂ ਜ਼ਿਲ੍ਹੇ 'ਚ ਕਿਹੜੇ-ਕਿਹੜੇ ਇਲਾਕੇ ਸ਼ਾਮਿਲ ਕੀਤੇ ਜਾਣੇ ਹਨ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਤੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਨਵੇਂ ਬਣ ਰਹੇ ਜ਼ਿਲ੍ਹੇ ਨਾਲ ਹਲਕਾ ਗੜ੍ਹਸ਼ੰਕਰ ਦੇ ਪਿੰਡਾਂ ਨਾਲ ਬਿਲਕੁਲ ਨਹੀਂ ਜੋੜਨਾ ਚਾਹੀਦਾ | ਹਲਕਾ ਗੜ੍ਹਸ਼ੰਕਰ ਕਾਂਗਰਸ ਦੇ ਇੰਚਾਰਜ ਅਮਰਪ੍ਰੀਤ ਸਿੰਘ ਮਿੰਟੂ ਲਾਲੀ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਪਿੰਡਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ਨਾਲ ਜੋੜਨ ਦਾ ਸਖ਼ਤ ਵਿਰੋਧ ਕਰਦੇ ਹਨ | ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕੇ 'ਚ 'ਆਪ' ਦੇ 7 ਵਿਧਾਇਕ ਹੋਣ ਦੇ ਬਾਵਜੂਦ ਕਿਸੇ ਦੀ ਵੀ ਜੁਰਅਤ ਨਹੀਂ ਪਈ ਕਿ ਉਹ ਮੁੱਖ ਮੰਤਰੀ ਨਾਲ ਇਸ ਮੁੱਦੇ 'ਤੇ ਗੱਲ ਕਰ ਸਕਣ, ਜਦਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਉਨ੍ਹਾਂ ਨੰੂ ਹਲਕਾ ਵਾਸੀਆਂ ਦਾ ਸਾਥ ਦੇਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਕਾਂਗਰਸੀ ਆਗੂ ਐਡਵੋਕੇਟ ਰਣਜੀਤ ਕੁਮਾਰ ਕਿੱਟੀ ਨੇ ਕਿਹਾ ਕਿ ਲੋਕਾਂ ਦੀ ਸਹਿਮਤੀ ਤੋਂ ਵਗੈਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਲਾਕੇ ਨਵੇਂ ਜ਼ਿਲ੍ਹੇ 'ਚ ਮਿਲਾਉਣ ਦਾ ਫ਼ੈਸਲਾ ਗਲਤ ਅਤੇ ਅਨਿਆਂਪੂਰਨ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਭਾਜਪਾ ਨਿਪੁੰਨ ਸ਼ਰਮਾ, ਜ਼ਿਲ੍ਹਾ ਪ੍ਰਧਾਨ ਕਾਂਗਰਸ ਅਰੁਣ ਕੁਮਾਰ ਮਿੱਕੀ ਡੋਗਰਾ, ਸੰਦੀਪ ਸਿੰਘ ਸੀਕਰੀ ਇੰਚਾਰਜ ਹਲਕਾ ਸ਼ਾਮਚੁਰਾਸੀ ਅਕਾਲੀ ਦਲ, ਕਾ: ਗੁਰਮੇਸ਼ ਸਿੰਘ, ਗੋਪੀ ਚੰਦ ਕਪੂਰ, ਸੰਜੀਵ ਤਲਵਾੜ, ਬਲਰਾਜ ਸਿੰਘ ਚੌਹਾਨ, ਹਰਸਿਮਰਨ ਸਿੰਘ ਹਰਜੀ ਬਾਜਵਾ, ਕਾ: ਦਰਸ਼ਨ ਸਿੰਘ ਮੱਟੂ, ਰਿਸ਼ੂ ਆਦੀਆ ਸਮੇਤ ਐਡਵੋਕੇਟ ਗੁਰਬੀਰ ਸਿੰਘ ਚੌਟਾਲਾ, ਐਡਵੋਕੇਟ ਰਘਵੀਰ ਸਿੰਘ ਟੇਰਕਿਆਣਾ, ਐਡਵੋਕੇਟ ਸ਼ਕਤੀ ਸਿੰਘ ਸੈਣੀ, ਐਡਵੋਕੇਟ ਨਵਜਿੰਦਰ ਸਿੰਘ ਬੇਦੀ, ਐਡਵੋਕੇਟ ਆਰ.ਪੀ. ਧੀਰ, ਐਡਵੋਕੇਟ ਵੀ.ਕੇ. ਮੈਨਨ, ਐਡਵੋਕੇਟ ਰਾਕੇਸ਼ ਮਰਵਾਹਾ, ਐਡਵੋਕੇਟ ਲਵਕੇਸ਼ ਓਹਰੀ, ਐਡਵੋਕੇਟ ਸ਼ਮਸ਼ੇਰ ਭਾਰਦਵਾਜ, ਐਡਵੋਕੇਟ ਅਰਵਿੰਦ ਅਗਨੀਹੋਤਰੀ, ਐਡਵੋਕੇਟ ਧਰਮਿੰਦਰ ਦਾਦਰਾ, ਐਡਵੋਕੇਟ ਗੋਬਿੰਦ ਜਸਵਾਲ, ਐਡਵੋਕੇਟ ਸੰਦੀਪ ਕੁਮਾਰ, ਐਡਵੋਕੇਟ ਵਿਕਾਸ ਸ਼ਰਮਾ, ਐਡਵੋਕੇਟ ਅਭੀਨਵ ਮਹੇਂਦਰੂ, ਐਡਵੋਕੇਟ ਪੁਨੀਤਇੰਦਰ ਕੰਗ, ਐਡਵੋਕੇਟ ਪੰਚਮ ਸ਼ਰਮਾ, ਐਡਵੋਕੇਟ ਸੂਰਜ ਸਿੰਘ, ਐਡਵੋਕੇਟ ਖ਼ੁਸ਼ਬੂ ਮਿਸ਼ਰਾ, ਐਡਵੋਕੇਟ ਮਨਿੰਦਰ ਕੌਰ, ਐਡਵੋਕੇਟ ਗੁਰਤੇਜ ਸਿੰਘ, ਐਡਵੋਕੇਟ ਸਰਬਜੀਤ ਸਿੰਘ, ਐਡਵੋਕੇਟ ਨਰਵੀਰ ਸਿੰਘ, ਐਡਵੋਕੇਟ ਮੋਨਿਕਾ, ਐਡਵੋਕੇਟ ਰਾਜਵਿੰਦਰ ਕੌਰ, ਐਡਵੋਕੇਟ ਵਿਨੈ ਮਲਿਕ, ਐਡਵੋਕੇਟ ਚੇਤਨਾ, ਐਡਵੋਕੇਟ ਬਬਨੀਤ, ਐਡਵੋਕੇਟ ਪੰਕਜ ਠਾਕੁਰ, ਐਡਵੋਕੇਟ ਲਵਦੀਪ, ਐਡਵੋਕੇਟ ਹਰਮਨ, ਐਡਵੋਕੇਟ ਮੁਕੁਲ ਖੋਸਲਾ ਆਦਿ ਹਾਜ਼ਰ ਸਨ | ਮੀਟਿੰਗ ਦੇ ਆਖੀਰ 'ਚ ਸਮੁੱਚੀ ਕਾਰਜਕਾਰਨੀ ਕਮੇਟੀ ਵਲੋਂ ਐਡਵੋਕੇਟ ਵਿਕਰਮ ਸਿੰਘ ਮੀਤ ਪ੍ਰਧਾਨ ਵਲੋਂ ਸਮੂਹ ਰਾਜਸੀ, ਧਾਰਮਿਕ ਤੇ ਸਮਾਜਿਕ ਪਾਰਟੀਆਂ ਦੇ ਨੁਮਾਇੰਦਿਆਂ ਦਾ ਇਸ ਸਰਬ-ਪਾਰਟੀ ਮੀਟਿੰਗ 'ਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਧੂਮ ਧੜੱਕੇ ਨਾਲ ਸ਼ੁਰੂ ਅਗਲੀ ਖ਼ਬਰ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਲਾਜਵੰਤੀ ਸਟੇਡੀਅਮ 'ਚ ਲਾਈਟ ਐਂਡ ਸਾਊਾਡ ਸ਼ੋਅ ਭਲਕੇ - ਆਸ਼ਿਕਾ ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।