ਮੁਕੇਰੀਆਂ, 5 ਨਵੰਬਰ (ਰਾਮਗੜ੍ਹੀਆ)- ਸਵ. ਬੂਟਾ ਸਿੰਘ ਖ਼ਿਲਾਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਕੀਤੀ ਟਿੱਪਣੀ ਦਾ ਖ਼ਮਿਆਜ਼ਾ ਪੂਰੀ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ ਕਿਉਂਕਿ ਰਾਜਾ ਵੜਿੰਗ ਨੇ ਉਨ੍ਹਾਂ ਖ਼ਿਲਾਫ਼ ਗ਼ਲਤ ਸ਼ਬਦਾਵਲੀ ਬੋਲ ਕੇ ਸਮੂਹ ਪੰਜਾਬੀਆਂ, ਦਲਿਤ ਭਾਈਚਾਰੇ ਅਤੇ ਦੇਸ਼ ਵਾਸੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਦੀਪ ਕੁਮਾਰ ਟਿੰਮਾ ਸਾਬਕਾ ਡਾਇਰੈਕਟਰ ਨੇ ਥਾਣਾ ਮੁਕੇਰੀਆਂ ਵਿਖੇ ਰਾਜਾ ਵੜਿੰਗ ਖ਼ਿਲਾਫ਼ ਕੀਤੀ ਲਿਖਤੀ ਸ਼ਿਕਾਇਤ ਤੋਂ ਬਾਅਦ 'ਅਜੀਤ' ਉਪ ਦਫ਼ਤਰ ਮੁਕੇਰੀਆਂ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬੂਟਾ ਸਿੰਘ ਦਲਿਤ ਭਾਈਚਾਰੇ ਦੇ ਨਾਲ-ਨਾਲ ਪੂਰੇ ਪੰਜਾਬ ਅਤੇ ਦੇਸ਼ ਦੇ ਹਰ ਗ਼ਰੀਬ ਦੀ ਆਵਾਜ਼ ਸਨ | ਉਨ੍ਹਾਂ ਕਿਹਾ ਸ. ਬੂਟਾ ਸਿੰਘ ਕੋਲ ਜਦੋਂ ਵੀ ਕੋਈ ਨਿੱਜੀ ਮਸਲਾ ਲੈ ਕੇ ਗਿਆ ਤਾਂ ਉਨ੍ਹਾਂ ਨੇ ਕਦੇ ਕਿਸੇ ਨੂੰ ਖ਼ਾਲੀ ਨਹੀਂ ਮੋੜਿਆ | ਉਨ੍ਹਾਂ ਕਿਹਾ ਬੂਟਾ ਸਿੰਘ ਵਰਗੇ ਮਿਹਨਤੀ ਲੀਡਰਾਂ ਦਾ ਕਾਂਗਰਸ ਪਾਰਟੀ ਨੇ ਬਹੁਤ ਜ਼ਿਆਦਾ ਫ਼ਾਇਦਾ ਉਠਾਇਆ ਅਤੇ ਸਮਾਂ ਨਿਕਲਣ 'ਤੇ ਅੱਖੋਂ-ਪਰੋਖੇ ਕਰਨ ਦੇ ਨਾਲ-ਨਾਲ ਹੁਣ ਕੁਝ ਕਾਂਗਰਸੀ ਲੀਡਰ ਉਨ੍ਹਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤ ਕੇ ਆਪਣੀ ਸੌੜੀ ਸੋਚ ਦਾ ਸਬੂਤ ਦੇ ਰਹੇ ਹਨ | ਉਨ੍ਹਾਂ ਕਿਹਾ ਕਾਂਗਰਸ ਪਾਰਟੀ ਦਾ ਅਕਸ ਪਹਿਲਾਂ ਹੀ ਲੋਕਾਂ ਅੰਦਰ ਕਾਫ਼ੀ ਡਿਗ ਚੁੱਕਾ ਹੈ ਅਤੇ ਹੁਣ ਰਾਜਾ ਵੜਿੰਗ ਵਲੋਂ ਬੂਟਾ ਸਿੰਘ ਖ਼ਿਲਾਫ਼ ਵਰਤੀ ਗਲਤ ਸ਼ਬਦਾਵਲੀ ਕਾਰਨ ਲੋਕਾਂ ਦੇ ਮਨਾਂ ਵਿਚ ਕਾਂਗਰਸ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਬੂਟਾ ਸਿੰਘ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਹੇਠ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਗਾਂਹ ਤੋਂ ਕਿਸੇ ਵੀ ਪਾਰਟੀ ਦਾ ਲੀਡਰ ਕਿਸੇ ਇਮਾਨਦਾਰ ਅਤੇ ਮਿਹਨਤੀ ਸ਼ਖ਼ਸੀਅਤਾਂ ਖ਼ਿਲਾਫ਼ ਮਾੜਾ ਨਾ ਬੋਲੇ |