ਹੁਸ਼ਿਆਰਪੁਰ, 21 ਜੁਲਾਈ (ਨਰਿੰਦਰ ਸਿੰਘ ਬੱਡਲਾ)- ਦਸਤ ਰੋਕੋ ਮੁਹਿੰਮ 2025 ਦੇ ਤਹਿਤ ਬੱਚਿਆਂ ਵਿਚ ਸਫ਼ਾਈ ਅਤੇ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਸਿਵਲ ਸਰਜਨ ਡਾ.ਪਵਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਫ਼ਤਹਿਗੜ੍ਹ 'ਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਮਨੋਜ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ 'ਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਸੀਮਾ ਗਰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਮੁਹਿੰਮ ਬਾਰੇ ਜਾਗਰੂਕ ਕੀਤਾ | ਇਸ ਦੌਰਾਨ ਆਰ.ਬੀ.ਐਸ.ਕੇ. ਏ.ਐਮ.ਓ. ਡਾ. ਵਿਵੇਕ ਕੁਮਾਰ ਤੇ ਡਾ. ਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਬੀ.ਈ.ਈ. ਅਮਨਦੀਪ ਸਿੰਘ ਅਤੇ ਸਕੂਲ ਅਧਿਆਪਕਾਂ ਵਲੋਂ ਸਹਿਯੋਗ ਦਿੱਤਾ ਗਿਆ | ਇਸ ਪ੍ਰਤੀਯੋਗਤਾ 'ਚ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਰੰਗ-ਬਿਰੰਗੇ ਪੋਸਟਰਾਂ ਰਾਹੀਂ ਦਸਤ ਰੋਕੋ ਸੰਦੇਸ਼ ਨੂੰ ਰਚਨਾਤਮਿਕ ਢੰਗ ਨਾਲ ਪੇਸ਼ ਕੀਤਾ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦਸਤ ਬਿਮਾਰੀ ਦੀ ਰੋਕਥਾਮ ਲਈ ਸਫ਼ਾਈ, ਹੱਥ ਧੋਣ ਦੀ ਆਦਤ ਅਤੇ ਟੀਕਾਕਰਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਡਾ. ਵਿਵੇਕ ਕੁਮਾਰ ਨੇ ਦੱਸਿਆ ਕਿ ਜੇਕਰ ਬੱਚੇ ਨੂੰ ਦਸਤ ਲੱਗ ਜਾਣ, ਤਾਂ ਤੁਰੰਤ ਓ.ਆਰ.ਐਸ. ਥੋੜ੍ਹੇ-ਥੋੜ੍ਹੇ ਸਮੇਂ 'ਤੇ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਦੋਂ ਤੱਕ ਦਸਤ ਬੰਦ ਨਹੀਂ ਹੋ ਜਾਂਦੇ | ਸਭ ਤੋਂ ਵਧੀਆ ਪੋਸਟਰ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਅਤੇ ਸਮੂਹ ਭਾਗੀਦਾਰ ਵਿਦਿਆਰਥੀਆਂ ਨੂੰ ਸ਼ਲਾਘਾ ਵਜੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |