ਹੁਸ਼ਿਆਰਪੁਰ, 21 ਜੁਲਾਈ (ਬਲਜਿੰਦਰਪਾਲ ਸਿੰਘ)-ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਮੀਤ ਪ੍ਰਧਾਨ ਸੁਰਿੰਦਰ ਕੰਗਵੀ ਦੀ ਪ੍ਰਧਾਨਗੀ ਹੇਠ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਤਿ੍ਪਤਾ ਕੇ. ਸਿੰਘ ਦੀਆਂ ਸਿਹਤ ਵਿਭਾਗ ਵਿਚ ਚਾਲੀ ਸਾਲ ਦੀਆਂ ਸੇਵਾਵਾਂ ਬਾਅਦ ਬਤੌਰ ਮਾਸ ਮੀਡੀਆ ਅਫ਼ਸਰ ਸੇਵਾ ਮੁਕਤੀ ਹੋਣ 'ਤੇ ਸਨਮਾਨ ਸਮਾਗਮ ਕਰਵਾਇਆ ਗਿਆ | ਸਭਾ ਦੇ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਪਿਛਲੇ ਦਿਨੀਂ ਪੰਜਾਬੀ ਸਾਹਿਤ ਜਗਤ ਨੂੰ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਤਜੱਮਲ ਕਲੀਮ, ਅਰਸ਼ਦ ਮਨਜ਼ੂਰ ਅਤੇ ਸੰਸਾਰ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਹੱਕ 'ਚ ਸ਼ੋਕ ਮਤਾ ਪੜਿ੍ਹਆ ਅਤੇ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ | ਇਸ ਮੌਕੇ ਡਾ. ਕਰਮਜੀਤ ਸਿੰਘ, ਕੁਲਤਾਰ ਸਿੰਘ ਕੁਲਤਾਰ, ਮਦਨ ਵੀਰਾ, ਸਤੀਸ਼ ਕੁਮਾਰ ਅਤੇ ਡਾ. ਸ਼ਮਸ਼ੇਰ ਮੋਹੀ ਨੇ ਕਿਹਾ ਕਿ ਸਿਹਤ ਵਿਭਾਗ 'ਚ ਵਧੀਆ ਪ੍ਰਾਪਤੀਆਂ ਦੇ ਬਾਵਜੂਦ ਤਿ੍ਪਤਾ ਕੇ ਸਿੰਘ ਨੇ ਸਾਹਿਤਿਕ ਮੰਚ 'ਤੇ ਬਤੌਰ ਕਹਾਣੀਕਾਰਾ ਚੰਗਾ ਨਾਮਣਾ ਖੱਟਿਆ ਹੈ ਅਤੇ ਉਨ੍ਹਾਂ ਵਲੋਂ ਲਿਖੀਆਂ ਕਹਾਣੀਆਂ ਪੰਜਾਬੀ ਦੇ ਸਾਰੇ ਸਾਹਿਤਕ ਮੈਗਜ਼ੀਨਾਂ ਤੋਂ ਇਲਾਵਾ ਹਿੰਦੀ, ਅੰਗਰੇਜ਼ੀ, ਉਰਦੂ ਅਤੇ ਬੰਗਾਲੀ ਭਾਸ਼ਾ 'ਚ ਵੀ ਅਨੁਵਾਦ ਹੋਈਆਂ ਹਨ | ਤਿ੍ਪਤਾ ਕੇ. ਸਿੰਘ ਦੀਆਂ ਕਹਾਣੀਆਂ ਦੀ ਇਕੋ ਇਕ ਕਿਤਾਬ 'ਇੱਕ ਦਿਨ' ਨੇ ਪਾਠਕਾਂ ਅਤੇ ਆਲੋਚਕਾਂ ਦਾ ਚੰਗਾ ਧਿਆਨ ਖਿੱਚਿਆ ਹੈ | ਸੇਵਾ ਮੁਕਤੀ 'ਤੇ ਸਭਾ ਦੇ ਮੈਂਬਰਾਂ ਨੇ ਤਿ੍ਪਤਾ ਕੇ ਸਿੰਘ ਅਤੇ ਉਨ੍ਹਾਂ ਦੇ ਪਤੀ ਕੁਲਵੰਤ ਸਿੰਘ ਹੁਰਾਂ ਦਾ ਸਟਾਲ, ਲੋਈ ਅਤੇ ਮੋਮੈਂਟੋ ਦੇ ਕੇ ਸਨਮਾਨ ਕੀਤਾ | ਇਸ ਤੋਂ ਬਾਅਦ ਹੋਏ ਕਵੀ ਦਰਬਾਰ ਵਿਚ ਸਭਾ ਦੇ ਮੈਂਬਰਾਂ ਨੇ ਆਪਣੀਆਂ ਸੱਜਰੀਆਂ ਨਜ਼ਮਾਂ ਸੁਣਾ ਕੇ ਮਹਿਫ਼ਲ ਆਪਣੇ ਨਾਂਅ ਕਰ ਲਈ | ਇਸ ਮੌਕੇ ਸਭਾ ਵਲੋਂ ਤ੍ਰੈ-ਮਾਸਿਕ ਸਾਹਿਤਕ ਮੈਗਜ਼ੀਨ ਚਿਰਾਗ਼ ਦਾ 128ਵਾਂ ਅੰਕ ਵੀ ਲੋਕ ਅਰਪਣ ਕੀਤਾ ਗਿਆ | ਸੁਰਿੰਦਰ ਕੰਗਵੀ ਨੇ ਆਪਣੇ ਪ੍ਰਧਾਨਗੀ ਭਾਸ਼ਣ 'ਚ ਤਿ੍ਪਤਾ ਕੇ ਸਿੰਘ ਨੂੰ ਵਧਾਈ ਦਿੱਤੀ | ਇਸ ਮੌਕੇ ਲਾਇਬ੍ਰੇਰੀਅਨ ਵਿਜੇ ਕੁਮਾਰ, ਡਾ. ਸੁਖਦੇਵ ਢਿੱਲੋਂ, ਤੀਰਥ ਚੰਦ ਸਰੋਆ, ਜਸਵੰਤ ਸਿੰਘ ਬੱਸਨ, ਰਾਜ ਕੁਮਾਰ ਘਾਸੀਅਪੁਰੀਆ, ਰਵੀ ਸਿੰਘ, ਡਾ.ਦਰਸ਼ਨ ਸਿੰਘ, ਲੈਕਚਰਾਰ ਲਖਵਿੰਦਰ ਰਾਮ, ਪਿ੍ੰਸੀਪਲ ਦਾਸ ਭਾਰਤੀ ਆਦਿ ਸਾਹਿਤਕਾਰ ਹਾਜ਼ਰ ਸਨ | ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖ਼ੂਭੀ ਨਿਭਾਈ |