ਭੰਗਾਲਾ, 21 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਕਜਲਾ ਸਰੋਆ ਵਿਖੇ ਇਕ ਮੀਟਿੰਗ ਹੋਈ, ਜਿਸ 'ਚ ਸੀਨੀਅਰ ਭਾਜਪਾ ਆਗੂ ਸ਼ੰਭੂ ਨਾਥ ਭਾਰਤੀ ਮੌਜੋਵਾਲ ਨੇ 'ਮੋਦੀ ਦੇ 11 ਸਾਲ ਬੇਮਿਸਾਲ' ਮੁਹਿੰਮ ਤਹਿਤ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਪਿੰਡ ਦੇ ਸਰਪੰਚ ਸੁਰੇਂਦਰ ਸਿੰਘ, ਨੰਬਰਦਾਰ ਅਰਜੁਨ ਸਿੰਘ, ਸ਼ਿਵਰਾਜ ਰਾਜੂ ਨੇ ਸ਼ੰਭੂ ਭਾਰਤੀ ਨੂੰ ਆਪਣੇ ਪਿੰਡ ਦੀ ਤਰਸਯੋਗ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਪਿੰਡ ਅੱਜ ਤੱਕ ਵਿਕਾਸ ਦੇ ਮਾਮਲੇ ਵਿਚ ਹਰ ਪੱਖੋਂ ਪਛੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪਿੰਡ ਦੀਆਂ ਗਲੀਆਂ, ਨਾਲੀਆਂ, ਸ਼ਮਸ਼ਾਨਘਾਟ ਅਤੇ ਤਲਾਅ ਬਹੁਤ ਮਾੜੇ ਹਾਲਤ 'ਚ ਹਨ ਅਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਡੇ ਪਿੰਡ ਨੂੰ ਸਟਰੀਟ ਲਾਈਟਾਂ ਵੀ ਨਹੀਂ ਦਿੱਤੀਆਂ | ਵੱਡੇ-ਵੱਡੇ ਟੋਇਆਂ ਕਾਰਨ ਭੰਗਾਲਾ ਤੋਂ ਪਿੰਡ ਨੂੰ ਆਉਣ ਵਾਲੀ ਲਿੰਕ ਸੜਕ 'ਤੇ ਪੈਦਲ ਚੱਲਣਾ ਵੀ ਮੁਸ਼ਕਿਲ ਹੈ | ਸ਼ੰਭੂ ਭਾਰਤੀ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਕੇਂਦਰ ਦੇ ਨਾਲ ਦੇਸ਼ ਦੇ ਰਾਜਾਂ 'ਚ ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਬੇ-ਮਿਸਾਲ ਵਿਕਾਸ ਹੋਇਆ ਹੈ, ਇਸ ਲਈ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਬਣਾਉਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਸਰਵਣ ਸਿੰਘ, ਓ.ਬੀ.ਸੀ. ਮੋਰਚਾ ਭਾਜਪਾ ਦੇ ਸੀਨੀਅਰ ਆਗੂ ਸ਼ਿਵਰਾਮ ਮਸਤਾਨ, ਵਾਰਡ ਮੈਂਬਰ ਪਰਸ਼ੋਤਮ ਸਿੰਘ, ਬਿਸ਼ਨ ਸਿੰਘ, ਹਰਦੀਪ ਸਿੰਘ, ਮੰਨੂ ਅਤੇ ਮਦਨ ਸਿੰਘ ਆਦਿ ਮੌਜੂਦ ਸਨ |