ਹੁਸ਼ਿਆਰਪੁਰ, 21 ਜੁਲਾਈ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ ਵਿਸ਼ਵ ਇਮੋਜੀ ਦਿਵਸ ਮਨਾਇਆ ਗਿਆ | ਬੱਚਿਆਂ ਨੇ ਹਾਸੇ, ਹੈਰਾਨੀ, ਉਦਾਸੀ, ਗੁੱਸਾ ਅਤੇ ਪਿਆਰ ਵਰਗੀਆਂ ਭਾਵਨਾਵਾਂ ਨੂੰ ਦਰਸਾਉਂਦੇ ਇਮੋਜੀ 'ਤੇ ਆਧਾਰਿਤ ਫੇਸ ਮਾਸਕ, ਪੋਸਟਰ ਅਤੇ ਚਾਰਟ ਤਿਆਰ ਕੀਤੇ | ਨੌਜਵਾਨ ਕਲਾਕਾਰਾਂ ਨੇ ਆਪਣੇ ਮਨਪਸੰਦ ਇਮੋਜੀ ਦੀ ਅਦਾਕਾਰੀ ਅਤੇ ਸੰਵਾਦਾਂ ਰਾਹੀਂ ਸਟੇਜ 'ਤੇ ਇੱਕ ਸੁੰਦਰ ਪੇਸ਼ਕਾਰੀ ਦਿੱਤੀ | ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਨੂੰ ਇਹ ਸਮਝਾਉਣਾ ਸੀ ਕਿ ਅੱਜ ਦੀ ਡਿਜੀਟਲ ਦੁਨੀਆ ਵਿਚ, ਇਮੋਜੀ ਭਾਵਨਾਵਾਂ ਦੀ ਇਕ ਨਵੀਂ, ਸਰਲ ਅਤੇ ਮਜ਼ੇਦਾਰ ਭਾਸ਼ਾ ਬਣ ਗਏ ਹਨ | ਜਦੋਂ ਸ਼ਬਦ ਘਟ ਜਾਂਦੇ ਹਨ, ਤਾਂ ਇੱਕ ਛੋਟਾ ਇਮੋਜੀ ਵੱਡੀਆਂ ਗੱਲਾਂ ਕਹਿੰਦਾ ਹੈ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਪੂਜਾ ਧੀਮਾਨ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਨਹੀਂ ਦੇਣਾ ਚਾਹੁੰਦੇ, ਸਗੋਂ ਉਨ੍ਹਾਂ ਨੂੰ ਇੱਕ ਅਜਿਹਾ ਪਲੇਟਫ਼ਾਰਮ ਵੀ ਦੇਣਾ ਚਾਹੁੰਦੇ ਹਾਂ ਜਿੱਥੇ ਉਹ ਆਪਣੇ ਆਪ ਨੂੰ ਰਚਨਾਤਮਿਕ ਤਰੀਕੇ ਨਾਲ ਪ੍ਰਗਟ ਕਰ ਸਕਣ | ਅੱਜ ਦੇ ਸਮੇਂ 'ਚ ਜਦੋਂ ਸੰਚਾਰ ਦੇ ਸਾਧਨ ਆਧੁਨਿਕ ਅਤੇ ਡਿਜੀਟਲ ਹੋ ਗਏ ਹਨ, ਇਮੋਜੀ ਇੱਕ ਅਜਿਹੀ ਭਾਸ਼ਾ ਹੈ ਜੋ ਦਿਲਾਂ ਨੂੰ ਜੋੜਦੀ ਹੈ | ਸਾਡੇ ਵਿਦਿਆਰਥੀਆਂ ਨੇ ਇਸ ਸਮਾਗਮ ਰਾਹੀਂ ਸੰਚਾਰ ਦੀ ਇੱਕ ਨਵੀਂ ਸ਼ੈਲੀ ਅਪਣਾਈ ਅਤੇ ਆਪਣੇ ਆਪ ਨੂੰ ਸ਼ਾਨਦਾਰ ਤਰੀਕੇ ਨਾਲ ਪ੍ਰਗਟ ਕੀਤਾ | ਇਸ ਮੌਕੇ ਸਕੂਲ ਦੀ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਕਿਹਾ ਕਿ ਵੁੱਡਲੈਂਡ ਸਕੂਲ ਦਾ ਇਕ ਮਸ਼ਹੂਰ ਬਾਲ ਕੇਂਦਰ ਸਕੂਲ ਹੈ, ਜਿਸ ਦਾ ਉਦੇਸ਼ ਬੱਚਿਆਂ ਨੂੰ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਚੀਜ਼ਾਂ ਸਿਖਾਉਣਾ ਵੀ ਹੈ |