ਨਸਰਾਲਾ, 21 ਜੁਲਾਈ (ਸਤਵੰਤ ਸਿੰਘ ਥਿਆੜਾ)-ਪਿੰਡ ਮੰਡਿਆਲਾਂ ਦੇ ਇਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਇਹ ਹਾਦਸਾ ਤਕਰੀਬਨ 11 ਕੁ ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਰੇਲ ਗੱਡੀ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਆ ਰਹੀ ਸੀ | ਜਾਣਕਾਰੀ ਅਨੁਸਾਰ ਮਿ੍ਤਕ ਬਲਦੇਵ ਸਿੰਘ (67) ਅਵਤਾਰ ਸਿੰਘ ਵਾਸੀ ਮੰਡਿਆਲਾਂ ਕਿਸੇ ਕੰਮ ਕਾਰ ਲਈ ਆਪਣੇ ਘਰ ਤੋਂ ਪਿੰਡ ਵੱਲ ਨੂੰ ਜਾ ਰਿਹਾ ਸੀ | ਜਦੋਂ ਇਹ ਰੇਲਵੇ ਲਾਇਨ ਪਾਰ ਕਰਨ ਲੱਗਾ ਤਾਂ ਰੇਲ ਗੱਡੀ ਹੇਠਾਂ ਆ ਗਿਆ ਤੇ ਉਸ ਦੀ ਮੌਤ ਹੋ ਗਈ | ਰੇਲਵੇ ਫਾਟਕ ਦੇ ਕਰਮਚਾਰੀ ਵਲੋਂ ਇਸ ਘਟਨਾ ਦੀ ਜਾਣਕਾਰੀ ਤੁਰੰਤ ਹੁਸ਼ਿਆਰਪੁਰ ਰੇਲਵੇ ਪੁਲਿਸ ਨੂੰ ਦਿੱਤੀ | ਮੌਕੇ 'ਤੇ ਪਹੁੰਚੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ |