28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਟਾਂਡਾ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕੀਤਾ ਕਾਬੂ <br/>

ਅਜੀਤ ਡੈਸਕ 22-07-2025

ਟਾਂਡਾ ਉੜਮੁੜ, 21 ਜੁਲਾਈ (ਦੀਪਕ ਬਹਿਲ, ਭਗਵਾਨ ਸਿੰਘ ਸੈਣੀ, ਸੁਖਦੇਵ ਸਿੰਘ)- ਟਾਂਡਾ ਅਧੀਨ ਪੈਂਦੇ ਪਿੰਡ ਜੌੜਾ 'ਚ ਬੀਤੇ ਦਿਨੀਂ ਰਾਤ ਸਮੇਂ ਇਕ ਬਜ਼ੁਰਗ ਔਰਤ ਨਾਲ ਹੋਈ ਲੁੱਟ ਖੋਹ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਟਾਂਡਾ ਪੁਲਿਸ ਨੇ ਇਸ ਲੁੱਟ ਖੋਹ ਨਾਲ ਸੰਬੰਧਿਤ ਸਕੇ ਭਰਾਵਾਂ ਸਮੇਤ 3 ਲੁਟੇਰਿਆਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਥਾਣਾ ਟਾਂਡਾ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਟਾਂਡਾ ਪੁਲਿਸ ਦੀ ਗਿ੍ਫ਼ਤ 'ਚ ਆਏ ਲੁਟੇਰਿਆਂ ਦੀ ਪਹਿਚਾਣ ਸਨੀ ਅਤੇ ਮਨੀ ਦੋਵੇਂ ਪੁੱਤਰਾਨ ਸਤਪਾਲ ਸਿੰਘ ਵਾਸੀ ਸਲਾਮਤਪੁਰਾ (ਕਪੂਰਥਲਾ), ਰੱਜਤ ਮਸੀਹ ਪੁੱਤਰ ਪ੍ਰੇਮ ਮਸੀਹ ਵਾਸੀ ਬਹਿਰਾਮ ਸਰਿਸਤਾ ਭੋਗਪੁਰ ਜਲੰਧਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਪਿੰਡ ਜੌੜਾ ਵਿਚ ਬੀਤੇ ਦਿਨੀਂ-ਰਾਤ ਸਮੇਂ ਹੋਈ ਲੁੱਟ-ਖੋਹ ਦੀ ਵਾਰਦਾਤ ਉਪਰੰਤ ਇਨ੍ਹਾਂ ਲੁਟੇਰਿਆਂ ਦੀ ਭਾਲ ਲਈ ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ 'ਚ ਪੁਲਿਸ ਟੀਮ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਜਿਸ ਦੌਰਾਨ ਚੌਂਕੀ ਇੰਚਾਰਜ ਅੱਡਾ ਸਰਾਂ ਏ.ਐੱਸ.ਆਈ. ਰਾਜਵਿੰਦਰ ਸਿੰਘ ਦੀ ਟੀਮ ਵਲੋਂ ਉਕਤ ਲੁਟੇਰਿਆਂ ਨੂੰ ਦੇਹਰੀਵਾਲ ਨਜ਼ਦੀਕ 1004 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਉਕਤ ਲੁਟੇਰਿਆਂ ਨੇ ਮੰਨਿਆ ਕਿ ਉਨ੍ਹਾਂ ਨੇ ਪਿੰਡ ਜੌੜਾ 'ਚ ਹੋਈ ਲੁੱਟ-ਖੋਹ ਦੀ ਵਾਰਦਾਤ ਤੋਂ ਇਲਾਵਾ ਭੁਲੱਥ, ਦਸੂਹਾ ਤੇ ਹੋਰਨਾਂ ਥਾਵਾਂ 'ਤੇ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ | ਉਕਤ ਲੁਟੇਰਿਆਂ ਪਾਸੋਂ ਪੁਲਿਸ ਨੇ ਲੁੱਟ ਖੋਹ ਕੀਤੇ ਗਏ 31 ਹਜ਼ਾਰ ਰੁਪਏ ਦੀ ਨਕਦੀ, 4 ਤੋਲੇ ਸੋਨੇ ਦੇ ਗਹਿਣੇ, 150 ਅਮਰੀਕੀ ਡਾਲਰ, 2 ਘੜੀਆਂ ਖਿਡਾਉਣਾ ਨੁਮਾ ਪਿਸਤੌਲ ਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਉਕਤ ਲੁਟੇਰਿਆਂ ਖ਼ਿਲਾਫ਼ ਟਾਂਡਾ ਪੁਲਿਸ ਨੇ ਪਹਿਲਾਂ ਐਨ.ਡੀ.ਪੀ.ਐਸ. ਐਕਟ ਦਾ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਇਸ ਵਿਚ ਵਾਧਾ ਜੁਰਮ ਕੀਤਾ ਜਾਵੇਗਾ |

ਪਿਛਲੀ ਖ਼ਬਰ ਚੋਰਾਂ ਨੇ ਮਾਹਿਲਪੁਰ ਵਿਖੇ ਮੁਥੂਟ ਫਾਇਨਾਂਸ ਦੇ ਭੰਨੇ ਸ਼ਟਰ ਤੇ ਸ਼ੀਸ਼ੇ <br/> ਅਗਲੀ ਖ਼ਬਰ ਪਾਵਰ ਹਾਊਸ ਨੰਬਰ-2 ਦੇ ਗੇਟਾਂ 'ਚੋਂ ਨੌਜਵਾਨ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।