ਹੁਸ਼ਿਆਰਪੁਰ, 20 ਜੁਲਾਈ (ਬਲਜਿੰਦਰਪਾਲ ਸਿੰਘ)- 25 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮਾਤਾ ਚਿੰਤਪੁਰਨੀ ਮੇਲੇ 'ਚ ਲੰਗਰ ਦੌਰਾਨ ਸੁਚਾਰੂ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਲੰਗਰ ਕਮੇਟੀਆਂ ਦੇ ਮੁਖੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਮਾਤਾ ਚਿੰਤਪੁਰਨੀ ਮੇਲੇ 'ਚ ਲੰਗਰ ਲਗਾਉਂਦੇ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਪ੍ਰਦੂਸ਼ਿਤ ਨਾ ਹੋ ਹੋਵੇ | ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਲੰਗਰ ਕਮੇਟੀਆਂ ਨਾਲ ਵਿਚਾਰ-ਵਟਾਂਦਰੇ ਅਤੇ ਸਹਿਮਤੀ ਤੋਂ ਬਾਅਦ ਕਿਹਾ ਕਿ ਜਨਤਕ ਹਿੱਤ 'ਚ ਡੀ.ਜੇ ਅਤੇ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਰਹੇਗੀ | ਉਨ੍ਹਾਂ ਲੰਗਰ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੁਚਾਰੂ ਆਵਾਜਾਈ ਲਈ ਲੰਗਰ ਕਮੇਟੀਆਂ ਸੜਕ 'ਤੇ ਆ ਕੇ ਲੰਗਰ ਨਾ ਵਰਤਾਉਣ ਅਤੇ ਲੰਗਰ ਕੇਵਲ ਨਿਰਧਾਰਿਤ ਥਾਵਾਂ 'ਤੇ ਹੀ ਲਗਾਇਆ ਜਾਵੇ | ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਦੇ ਲਈ ਰਜਿਸਟਰੇਸ਼ਨ ਜ਼ਰੂਰੀ ਹੈ, ਇਸ ਲਈ ਲੰਗਰ ਕਮੇਟੀਆਂ ਵਲੋਂ ਇਹ ਰਜਿਸਟਰੇਸ਼ਨ ਐਸ.ਡੀ.ਐਮ ਦਫ਼ਤਰ ਹੁਸ਼ਿਆਰਪੁਰ ਤੋਂ ਕਰਵਾਈ ਜਾ ਸਕਦੀ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਕਮਿਸ਼ਨਰ ਨਗਰ ਨਿਗਮ ਜੋਤੀ ਬਾਲਾ ਮੱਟੂ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਐਸ.ਪੀ.ਨਵਨੀਤ ਕੌਰ ਗਿੱਲ, ਆਰ.ਟੀ.ਓ ਅਮਨਦੀਪ ਕੌਰ ਘੁੰਮਣ ਤੋਂ ਇਲਾਵਾ ਸ੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ ਤੋਂ ਹਰੀਸ਼ ਖੋਸਲਾ, ਭਾਰਤੀ ਸਨਾਤਨ ਧਰਮ ਮਹਾਵੀਰ ਦਲ ਤੋਂ ਕਿ੍ਸ਼ਨ ਗੋਪਾਲ ਆਨੰਦ ਅਤੇ ਭਾਰਤ ਭੂਸ਼ਨ ਵਰਮਾ, ਮਈਆ ਜੀ ਅਸੀਂ ਨੌਕਰ ਤੇਰੇ ਤੋਂ ਅਸ਼ਵਨੀ ਸ਼ਰਮਾ, ਮਨਦੀਪ ਸ਼ਰਮਾ, ਪ੍ਰਮੋਦ ਸ਼ਰਮਾ, ਸਵੱਛਤਾ ਦਾ ਲੰਗਰ ਸੇਵਾ ਸੋਸਾਇਟੀ ਦੇ ਨੁਮਾਇੰਦੇ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ |