ਭੰਗਾਲਾ, 20 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਸਬਾ ਮੁਸਾਹਿਬਪੁਰ ਨੇੜੇ ਇੱਕ ਟਰੱਕ ਦੀ ਸਕੂਟੀ ਨਾਲ ਟੱਕਰ ਹੋਣ ਕਾਰਨ ਦੋ ਲੋਕਾਂ ਦੀ ਮੌਤ ਅਤੇ ਇਕ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਭੰਗਾਲਾ ਐਸ. ਆਈ. ਪਿ੍ੰਸਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 6:00 ਵਜੇ ਦੇ ਕਰੀਬ ਰਾਕੇਸ਼ ਕੁਮਾਰ (32) ਪੁੱਤਰ ਮਦਨ ਲਾਲ ਵਾਸੀ ਭੱਟੀਆਂ ਰਾਜਪੂਤਾ, ਆਪਣੀ ਪਤਨੀ ਅੰਜੂ ਬਾਲਾ ਅਤੇ ਪੁੱਤਰ ਮਨਪ੍ਰੀਤ (4) ਨਾਲ ਆਪਣੀ ਸਕੂਟੀ 'ਤੇ ਪਠਾਨਕੋਟ ਤੋਂ ਆਪਣੇ ਪਿੰਡ ਆ ਰਿਹਾ ਸੀ | ਜਿਵੇਂ ਹੀ ਉਹ ਮੁਸਾਹਿਬਪੁਰ ਨਜ਼ਦੀਕ ਪਹੁੰਚੇ ਤੇ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਤਿੰਨੋਂ ਸੜਕ 'ਤੇ ਡਿਗ ਪਏ, ਜਿਸ ਕਾਰਨ ਸਕੂਟੀ ਸਵਾਰ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦੋਂ ਕਿ ਉਨ੍ਹਾਂ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ | ਉੱਥੇ ਇਕੱਠੇ ਹੋਏ ਲੋਕਾਂ ਨੇ ਤਿੰਨਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ | ਡਾਕਟਰਾਂ ਵਲੋਂ ਚੈੱਕ ਕਰਨ ਉਪਰੰਤ ਉਨ੍ਹਾਂ ਨੂੰ ਮਿ੍ਤਕ ਐਲਾਨ ਕੀਤਾ ਗਿਆ ਅਤੇ ਬੱਚੇ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ, ਐਮਰਜੈਂਸੀ ਡਿਊਟੀ 'ਤੇ ਮੌਜੂਦ ਡਾਕਟਰ ਨੇ ਉਸ ਨੰੂ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਰੈਫ਼ਰ ਕਰ ਦਿੱਤਾ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ |