ਹੁਸ਼ਿਆਰਪੁਰ, 19 ਜੁਲਾਈ (ਬਲਜਿੰਦਰਪਾਲ ਸਿੰਘ)-ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਜਾਣ ਤੋਂ ਰੋਕਣ ਲਈ ਅੱਜ ਫਿਰ ਪੁਲਿਸ ਵਲੋਂ ਯੂਥ ਅਕਾਲੀ ਦਲ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੰਗ ਨੂੰ ਉਨ੍ਹਾਂ ਦੇ ਗ੍ਰਹਿ ਹੁਸ਼ਿਆਰਪੁਰ ਵਿਖੇ ਨਜ਼ਰਬੰਦ ਕੀਤਾ ਗਿਆ | ਇਸ ਮੌਕੇ ਕੰਗ ਨੇ ਸਰਕਾਰ ਦੀ ਇਸ ਘਟੀਆ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਬੌਖਲਾਹਟ 'ਚ ਨਜ਼ਰ ਆ ਰਹੀ ਹੈ, ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਪੰਜਾਬ ਸਰਕਾਰ ਪਹਿਲਾਂ ਵੀ ਕੋਰਟ 'ਚ ਕੋਈ ਪੁਖ਼ਤਾ ਸਬੂਤ ਪੇਸ਼ ਨਹੀਂ ਕਰ ਸਕੀ ਅਤੇ ਇਸ ਵਾਰ ਵੀ ਨਹੀਂ ਕਰ ਸਕੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਬਿਕਰਮ ਸਿੰਘ ਮਜੀਠੀਆ ਹਮੇਸ਼ਾ ਡੱਟ ਕੇ ਬੋਲਦੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਹਰੇਕ ਵਰਕਰ ਵਲੋਂ ਮਜੀਠੀਆ ਦੇ ਹੱਕ 'ਚ ਸਾਥ ਦਿੰਦਿਆਂ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ |