ਮੁਕੇਰੀਆਂ, 18 ਜੁਲਾਈ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਹੁਸ਼ਿਆਰਪੁਰ ਪੁਲਿਸ ਵਲੋਂ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਅਭਿਆਨ ਤਹਿਤ ਇਕ ਵਿਸ਼ੇਸ਼ ਅਭਿਆਨ ਚਲਾਇਆ ਗਿਆ, ਇਹ ਸੈਸ਼ਨ ਥਾਣਾ ਸਿਟੀ ਮੁਕੇਰੀਆਂ ਤੋਂ ਪਵਨ ਕੁਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ ਲਿਆ ਗਿਆ | ਇਸ ਦੌਰਾਨ ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ | ਪਵਨ ਕੁਮਾਰ ਨੇ ਦੱਸਿਆ ਕਿ ਨਸ਼ਾ ਨਾ ਸਿਰਫ਼ ਨਸ਼ਾ ਕਰਨ ਵਾਲੇ ਦੀ ਜ਼ਿੰਦਗੀ ਨੂੰ ਤਬਾਹ ਕਰਦਾ ਹੈ ਸਗੋਂ ਉਸ ਦੇ ਪਰਿਵਾਰ ਨੂੰ ਵੀ ਤਬਾਹ ਕਰ ਦਿੰਦਾ ਹੈ | ਉਨ੍ਹਾਂ ਨੇ ਬੱਚਿਆਂ ਨੂੰ ਸਾਵਧਾਨ ਕੀਤਾ ਕਿ ਅਜਨਬੀ ਤੋਂ ਕੋਈ ਵੀ ਚੀਜ਼ ਨਾ ਲੈਣ, ਨਾ ਹੀ ਕਿਸੇ ਅਣਜਾਣ ਵਲੋਂ ਦਿੱਤੀ ਗਈ ਖਾਣ-ਪੀਣ ਦੀ ਚੀਜ਼ ਸਵੀਕਾਰ ਕਰਨੀ ਚਾਹੀਦੀ ਹੈ | ਨਸ਼ਿਆਂ ਵਿਰੁੱਧ ਲੜਾਈ ਦੀ ਸ਼ੁਰੂਆਤ ਆਪਣੇ ਘਰ ਅਤੇ ਆਪਣੇ ਪਿੰਡ ਤੋਂ ਹੋਣੀ ਚਾਹੀਦੀ ਹੈ | ਅੰਤ ਵਿਚ ਸਕੂਲ ਦੀ ਪਿ੍ੰਸੀਪਲ ਮੈਡਮ ਬਬੀਤਾ ਚੌਧਰੀ ਅਤੇ ਅਧਿਆਪਕਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਮੈਡਮ ਚੌਧਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵਿਚ ਬਹੁਤ ਮਦਦਗਾਰ ਸਾਬਤ ਹੁੰਦੀਆਂ ਹਨ | ਉਨ੍ਹਾਂ ਨੇ ਪੁਲਿਸ ਟੀਮ ਨੂੰ ਭਵਿੱਖ ਵਿਚ ਵੀ ਅਜਿਹੇ ਅਭਿਆਨ ਕਰਵਾਉਣ ਦੀ ਅਪੀਲ ਕੀਤੀ |